ਪੰਜਾਬੀ

ਸਬ-ਸਟੈਂਡਰਡ ਸੜ੍ਹਕਾਂ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦੇਵਾਂਗੇ – ਵਿਧਾਇਕ ਸਿੱਧੂ

Published

on

ਲੁਧਿਆਣਾ :  ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਸੜ੍ਹਕ ਦੇ ਨਿਰਮਾਣ ਕਾਰਜ ਵਿੱਚ ਮਾੜੀ ਸਮੱਗਰੀ ਵਰਤੀ ਜਾਣ ‘ਤੇ ਸੜ੍ਹਕ ਦਾ ਨਿਰਮਾਣ ਕਾਰਜ ਰੁਕਵਾਇਆ ਗਿਆ ਹੈ। ਵਿਧਾਇਕ ਸਿੱਧੂ ਨੂੰ ਇਲਾਕਾ ਨਿਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਠੇਕੇਦਾਰ ਵੱਲੋਂ ਨਿਰਮਾਣ ਕਾਰਜ ਵਿੱਚ ਘਟੀਆ ਸਮੱਗਰੀ ਵਰਤੀ ਜਾ ਰਹੀ ਹੈ। ਵਿਧਾਇਕ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਸ਼ਹਿਰ ਵਿੱਚ ਸਬ-ਸਟੈਂਡਰਡ ਸੜ੍ਹਕਾਂ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦੇਣਗੇ।

ਸਥਾਨਕ ਹਲਕਾ ਆਤਮ ਨਗਰ ਦੇ ਵਾਰਡ ਨੰਬਰ 34 ਵਿੱਚ ਸੜ੍ਹਕ ਦਾ ਨਿਰਮਾਣ ਕਾਰਜ਼ ਚੱਲ ਰਿਹਾ ਸੀ, ਜਿੱਥੋਂ ਦੇ ਵਸਨੀਕਾਂ ਵੱਲੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਠੇਕੇਦਾਰ ਵੱਲੋਂ ਘਟੀਆ ਜਾਂ ਮਾੜੀ ਸਮੱਗਰੀ ਦੀ ਵਰਤੋਂ ਅਤੇ ਪ੍ਰੋਟੋਕਾਲ ਦੀ ਅਵਹੇਲਣਾ ਕੀਤੀ ਜਾ ਰਹੀ ਹੈ। ਜਿਸਦੇ ਤੁਰੰਤ ਬਾਅਦ ਵਿਧਾਇਕ ਸ. ਸਿੱਧੂ ਵੱਲੋਂ ਮੌਕੇ ‘ਤੇ ਜਾ ਕੇ ਸੜ੍ਹਕ ਦੇ ਨਿਰਮਾਣ ਦਾ ਕੰਮ ਰੁਕਵਾ ਦਿੱਤਾ ਗਿਆ ਹੈ।

ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਠੇਕੇਦਾਰ ਅਤੇ ਐਕਸੀਅਨ ਨੂੰ ਤਾੜਨਾਂ ਕਰਦਿਆਂ ਕਿਹਾ ਕਿ ਅਸੀਂ ਅਜਿਹੀ ਕੋਤਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਸੜ੍ਹਕ ਬਣਾਉਣ ਲਈ ਵਰਤੀ ਜਾ ਰਹੀ ਸਮੱਗਰੀ ਦੀ ਜਾਂਚ ਇਲਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਮਾਹਰਾਂ ਰਾਹੀਂ ਕਰਵਾਈ ਜਾਵੇਗੀ। ਵਿਧਾਇਕ ਸਿੱਧੂ ਨੇ ਅੱਗੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਵਿਕਾਸ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਨੂੰ ਸ਼ਿਖਰਾਂ ‘ਤੇ ਪਹੁੰਚਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੇ ਕੰਮਾਂ ਵਿੱਚ ਪੂਰੀ ਪਾਰਦਰਸ਼ਤਾ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵੱਲ ਅੱਗੇ ਵੱਧ ਰਹੀ ਹੈ।

ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਆਮ ਲੋਕਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਨਯੋਗ ਮੁੱਖ ਮੰਤਰੀ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012-00200 ‘ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ, ਵਾਰਡ ਪ੍ਰਧਾਨ ਤੇ ਬਲਾਕ ਪ੍ਰਧਾਨ ਤੋਂ ਇਲਾਵਾ ਇਲਾਕਾਵਾਸੀ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.