ਖੇਡਾਂ

ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਵਾਂਗੇ : ਮੀਤ ਹੇਅਰ

Published

on

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਖੇਡ ਵਿਭਾਗ ਵੱਲੋਂ ਅਜਿਹੀ ਕਾਰਗਾਰ ਖੇਡ ਨੀਤੀ ਬਣਾਈ ਜਾ ਰਹੀ ਹੈ ਜਿਸ ਦੇ ਲੰਬੇ ਸਮੇਂ ਤੱਕ ਖੇਡ ਖੇਤਰ ਵਿੱਚ ਚੰਗੇ ਨਤੀਜੇ ਆਉਂਦੇ ਰਹਿਣਗੇ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 35ਵੀਆਂ ਜਰਖੜ ਖੇਡਾਂ ਦੇ ਆਖਰੀ ਦਿਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਉਪਰੰਤ ਸੰਬੋਧਨ ਕਰਦਿਆਂ ਕਹੀ।

ਮੀਤ ਹੇਅਰ ਨੇ ਜਰਖੜ ਖੇਡਾਂ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਪੱਖੀ ਮਾਹੌਲ ਸਦਕਾ ਹੀ ਪੰਜਾਬ ਦੀ ਖੇਡਾਂ ਦੇ ਖੇਤਰ ਵਿੱਚ ਪਛਾਣ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਹਰ ਪਿੰਡ-ਕਸਬੇ ਵਿੱਚ ਅਜਿਹੀ ਖੇਡਾਂ ਪ੍ਰਤੀ ਸਮਰਪਣ ਭਾਵਨਾ ਹੋਵੇ ਤਾਂ ਦੁਨੀਆ ਦੇ ਖੇਡ ਨਕਸ਼ੇ ਉਤੇ ਪੰਜਾਬ ਦਾ ਕੋਈ ਸਾਨੀ ਨਹੀਂ ਹੋਵੇਗਾ।

ਉਨ੍ਹਾਂ ਜਰਖੜ ਖੇਡਾਂ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਹਰ ਮੱਦਦ ਦਾ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਖੇਡ ਸਕੀਮਾਂ ਵਿੱਚ ਜਰਖੜ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਇੱਥੋਂ ਹੋਰ ਕੌਮਾਂਤਰੀ ਖਿਡਾਰੀ ਨਿਕਲਣ।

ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੁੱਖ ਤਰਜੀਹ ਖੇਡਾਂ ਹਨ ਅਤੇ ਹਾਲ ਹੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਰਾਹੀ ਸੂਬੇ ਵਿੱਚ ਨਵਾਂ ਖੇਡ ਪੱਖੀ ਮਾਹੌਲ ਸਿਰਜਿਆ ਗਿਆ। ਮਾਹਿਰਾਂ ਦੀ ਕਮੇਟੀ ਨਵੀਂ ਖੇਡ ਨੀਤੀ ਬਣਾ ਰਹੀ ਹੈ ਜਿਸ ਵਿੱਚ ਖਿਡਾਰੀਆਂ ਦੇ ਮਾਣ-ਸਨਮਾਨ ਅਤੇ ਨੌਕਰੀਆਂ ਤੋਂ ਇਲਾਵਾ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਛੋਟੀ ਉਮਰ ਦੇ ਖਿਡਾਰੀਆਂ ਨੂੰ ਕਿਵੇਂ ਵੱਡੇ ਮੰਚ ਤੱਕ ਪਹੁੰਚਾਇਆ ਜਾਵੇ।

ਉਨ੍ਹਾਂ ਕਿਹਾ ਕਿ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਖੇਡ ਮੰਤਰੀ ਨੇ ਹਾਕੀ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਕਬੱਡੀ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।

ਉਨ੍ਹਾਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ। ਪ੍ਰਬੰਧਕੀ ਕਮੇਟੀ ਵੱਲੋਂ ਖੇਡ ਮੰਤਰੀ ਮੀਤ ਹੇਅਰ ਦਾ ਸਨਮਾਨ ਕੀਤਾ ਗਿਆ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਖੇਡ ਮੰਤਰੀ ਦਾ ਇੱਥੇ ਆਉਣ ਉੱਤੇ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.