ਪੰਜਾਬੀ

ਨੇਤਰਹੀਣ ਵਿਦਿਆਰਥੀਆਂ ਨੂੰ ਸਿਲੇਬਸ ਅਨੁਸਾਰ ਮਿਲਣਗੀਆਂ ਆਡਿਓ ਰਿਕਾਰਡਿੰਗਜ਼-ਕਟਾਰੀਆ

Published

on

ਲੁਧਿਆਣਾ : ਡਾਇਰੈਕਟਰ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਸ੍ਰੀਮਤੀ ਮਾਧਵੀ ਕਟਾਰੀਆਂ ਦੀ ਪ੍ਰਧਾਨਗੀ ਹੇਠ ਨੇਤਰਹੀਣਾਂ ਵਾਸਤੇ ਸਾਰਾ ਸਿਲੇਬਸ ਅਤੇ ਉੱਘੀਆਂ ਸ਼ਖਸੀਅਤਾਂ ਦੁਆਰਾ ਲਿਖੇ ਗਏ ਸਾਹਿਤ ਨੂੰ ਆਡਿਓ ਰਾਹੀਂ ਮੁਹੱਈਆ ਕਰਵਾਉਣ ਸਬੰਧੀ ਇਕ ਮੀਟਿੰਗ ਬ੍ਰੇਲ ਭਵਨ ਲੁਧਿਆਣਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਡਾਇਰੈਕਟਰ ਮਾਧਵੀ ਕਟਾਰੀਆ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਨੇਤਰਹੀਣ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਸਾਹਿਤ ਨਾਲ ਜੋੜਨ ਲਈ ਨੇਤਰਹੀਣ ਵਿਦਿਆਰਥੀਆਂ ਦੇ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਜਾਵੇਗਾ।

ਕਟਾਰੀਆ ਨੇ ਕਿਹਾ ਕਿ ਆਡਿਓ ਰਿਕਾਰਡਿੰਗਜ਼ ਕਰਕੇ ਸਿਲੇਬਸ ਦੀਆਂ ਪੁਸਤਕਾਂ, ਇਤਿਹਾਸਿਕ ਰਚਨਾਵਾਂ, ਇਕਾਂਗੀਆਂ, ਕਹਾਣੀਆਂ ਦੀ ਰਿਕਾਰਡਿੰਗ ਉੱਘੇ ਸਾਹਿਤਕਾਰਾਂ, ਲੇਖਕਾਂ ਅਤੇ ਵਿਸ਼ਾ ਮਾਹਿਰਾਂ ਦੁਆਰਾ ਕੀਤੀ ਜਾਵੇ ਅਤੇ ਉਸਦਾ ਇਕ ਯੂਟਿਊਬ (Youtube) ਲਿੰਕ ਤਿਆਰ ਕਰਕੇ ਨੇਤਰਹੀਣ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ। ਇਸ ਸਬੰਧੀ ਡਾਇਰੈਕਟਰ ਵੱਲੋਂ ਬਾਰਵੀਂ ਜਮਾਤ ਦੀ ਇੰਗਲਿਸ਼ ਰੀਡਰ ਦੀ ਪੁਸਤਕ ਦਾ ਪਹਿਲਾ ਪਾਠ ਮੰਡੇ ਮੋਰਨਿੰਗ ਖੁਦ ਬੋਲ ਕੇ ਰਿਕਾਰਡ ਵੀ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅਪੀਲ ਵੀ ਕੀਤੀ ਗਈ ਕਿ ਨੇਤਰਹੀਣ ਵਿਦਿਆਰਥੀਆਂ ਨੂੰ ਸਾਹਿਤਕ ਰਚਨਾਵਾਂ ਜਿਵੇਂ ਕਹਾਣੀਆਂ, ਕਵਿਤਾਵਾਂ ਅਤੇ ਅਜਿਹੇ ਸਾਹਿਤਕਾਰ ਸ਼ਖਸੀਅਤਾਂ ਜਿੰਨ੍ਹਾਂ ਨੇ ਨੇਤਰਹੀਣਾਂ ਵਾਸਤੇ ਨਿਵੇਕਲਾ ਕਦਮ ਚੁੱਕਿਆ ਹੈ, ਉਸ ਬਾਰੇ ਵਿਦਿਆਰਥੀਆਂ ਨੂੰ ਆਡਿਓ ਰਿਕਾਰਡਿੰਗ ਦੁਆਰਾ ਜਾਣੂ ਕਰਵਾਇਆ ਜਾਵੇ। ਇਸ ਲੜੀ ਅਧੀਨ ਪਹਿਲੀ ਇੰਟਰਵਿਊ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਨਾਲ ਕੀਤੀ ਗਈ, ਜਿਸ ਨੂੰ Youtube ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ।

ਇਸ ਕੰਮ ਨੂੰ ਨੇਪਰੇ ਚੜਾਉਣ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਨੇ ਇਹ ਵੀ ਕਿਹਾ ਕਿ ਨੇਤਰਹੀਣ ਵਿਦਿਆਰਥੀਆਂ ਨੂੰ ਸਾਹਿਤਕ ਰਚਨਾਵਾਂ ਅਤੇ ਪੜ੍ਹਾਈ ਨਾਲ ਸਬੰਧਤ ਸਿਲੇਬਸ ਦੀ ਜਾਣਕਾਰੀ ਨੂੰ ਬ੍ਰੇਲ ਲਿੱਪੀ ਦੇ ਨਾਲ ਨਾਲ ਰਿਕਾਰਡਿੰਗ ਰਾਹੀਂ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਨੇਤਰਹੀਣ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਜਿਵੇ ਕਿ ਗਣਿਤ ਅਤੇ ਵਿਗਿਆਨ ਆਦਿ ਨੂੰ ਸਿੱਖਣ ਵਿੱਚ ਵੀ ਉਤਸ਼ਾਹ ਦਿਖਾ ਸਕਣ ।

Facebook Comments

Trending

Copyright © 2020 Ludhiana Live Media - All Rights Reserved.