ਪੰਜਾਬ ਨਿਊਜ਼

ਧਰਮਸੋਤ ਤੋਂ ਬਾਅਦ ਇਕ ਹੋਰ ਸਾਬਕਾ ਮੰਤਰੀ ਖਿਲਾਫ਼ ਵਿਜੀਲੈਂਸ ਕਰੇਗਾ ਜਾਂਚ, 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦਾ ਦੋਸ਼

Published

on

ਲੁਧਿਆਣਾ : ਕਾਂਗਰਸ ਦੇ ਇਕ ਹੋਰ ਸਾਬਕਾ ਮੰਤਰੀ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ। ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਦੋ ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦੇ ਦੋਸ਼ ਲੱਗੇ ਹਨ। ਕੁਝ ਠੇਕੇਦਾਰਾਂ ਨੇ ਦੋਸ਼ ਲਗਾਏ ਸਨ ਕਿ ਪੰਜਾਬ ਦੀਆਂ ਮੰਡੀਆਂ ਵਿਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰ ਵਿਚ ਗੜਬੜੀ ਕੀਤੀ ਗਈ ਹੈ।

ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰ ਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਠੇਕੇਦਾਰਾਂ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਹੁਣ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਆਸ਼ੂ ਤੀਜੇ ਅਜਿਹੇ ਮੰਤਰੀ ਹਨ, ਜਿਨ੍ਹਾਂ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੈ।

ਸ਼ਿਕਾਇਤਕਰਤਾ ਲੇਬਰ ਤੇ ਟਰਾਂਸਪੋਰਟ ਦੇ ਛੋਟੇ ਠੇਕੇਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਨੇ ਕਿਹਾ ਹੈ ਕਿ ਮੰਤਰੀ ਰਹਿੰਦੇ ਹੋਏ ਆਸ਼ੂ ਨੇ 5000 ਠੇਕੇਦਾਰਾਂ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਚਹੇਤੇ ਠੇਕੇਦਾਰਾਂ ਨੂੰ ਮਨਮਰਜ਼ੀ ਦੇ ਰੇਟ ’ਤੇ ਠੇਕੇ ਅਲਾਟ ਕੀਤੇ। ਇਹ ਠੇਕੇ 2000 ਕਰੋਡ਼ ਰੁਪਏ ਦੇ ਦੱਸੇ ਜਾ ਰਹੇ ਹਨ। ਵਿਜੀਲੈਂਸ ਦੇ ਇਕ ਉੱਚ ਅਧਿਕਾਰੀ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਮਾਮਲਾ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਨੂੰ ਸੌਂਪਿਆ ਗਿਆ ਹੈ।

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਕਸਾਈਜ਼ ਪਾਲਸੀ ਬਦਲੀ ਹੈ। 900 ਕਲਸਟਰਾਂ ਤੋਂ 177 ਕਲਸਟਰ ਬਣਾਏ ਗਏ ਹਨ। ਕੀ ਇਸ ਵਿਚ ਵੀ ਘਪਲਾ ਹੈ। ਕੀ ਵਿਜੀਲੈਂਸ ਇਸ ਦੀ ਵੀ ਜਾਂਚ ਕਰੇਗੀ।

ਆਸ਼ੂ ਨੇ ਹੈਰਾਨੀ ਪ੍ਰਗਟਾਈ ਕਿ ਦੋ ਹਜ਼ਾਰ ਕਰੋਡ਼ ਰੁਪਏ ਦੇ ਘਪਲੇ ਦੀ ਗੱਲ ਕਹੀ ਜਾ ਰਹੀ ਹੈ, ਇਕ ਸਾਲ ਵਿਚ ਟਰਾਂਸਪੋਰਟੇਸ਼ਨ ਦਾ ਬਿੱਲ ਹੀ 240 ਕਰੋਡ਼ ਰੁਪਏ ਦਾ ਹੈ। ਇਸ ਲਿਹਾਜ਼ ਨਾਲ ਪੰਜ ਸਾਲ ਵਿਚ 1200 ਕਰੋਡ਼ ਰੁਪਏ ਹੀ ਬਣਦੇ ਹਨ। ਤਾਂ 2000 ਕਰੋਡ਼ ਰੁਪਏ ਦਾ ਘਪਲਾ ਕਿਵੇਂ ਹੋ ਗਿਆ? ਉਨ੍ਹਾਂ ਕਿਹਾ ਕਿ ਝੋਨੇ ਤੇ ਕਣਕ ਦੀ ਢੁਆਈ ਲਈ ਡਿਪਟੀ ਕਮਿਸ਼ਨਰ ਪੱਧਰ ਦੀ ਕਮੇਟੀ ਬਣਦੀ ਹੈ।

Facebook Comments

Trending

Copyright © 2020 Ludhiana Live Media - All Rights Reserved.