ਖੇਤੀਬਾੜੀ

ਵੈਟਰਨਰੀ ਯੂਨੀਵਰਸਿਟੀ ਵਲੋਂ ਪਿੰਡਾਂ ਤੱਕ ਕਿਸਾਨਾਂ ਨੂੰ ਸੇਵਾਵਾਂ ਪਹੁੰਚਾਉਣ ਲਈ ਸਮਝੌਤਾ ਸਹੀਬੱਧ

Published

on

ਲੁਧਿਆਣਾ : ਪੰਜਾਬ ਦੇ ਦੂਰ ਦੂਰਾਡੇ ਪਿੰਡਾਂ ਤੱਕ ਕਿਸਾਨਾਂ ਨੂੰ ਸੇਵਾਵਾਂ ਪਹੁੰਚਾਉਣ ਦੇ ਮਕਸਦ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਵਲੋਂ ‘ਕੇਅਰ ਇੰਡੀਆ’ ਗ਼ੈਰ ਸਰਕਾਰੀ ਸੰਗਠਨ ਨਾਲ ਇਕ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਗਏ।

ਇਹ ਸਮਝੌਤਾ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਦੀ ਮੌਜੂਦਗੀ ਵਿਚ ਕੇਅਰ ਇੰਡੀਆ ਨਵੀਂ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਨਿਧੀ ਬਾਂਸਲ ਅਤੇ ਨਿਰਦੇਸ਼ਕ ਖੋਜ ਡਾ. ਜਤਿੰਦਰਪਾਲ ਸਿੰਘ ਗਿੱਲ ਦਰਮਿਆਨ ਦਸਤਖ਼ਤ ਕੀਤਾ ਗਿਆ। ਕਾਲਜ ਦੇ ਡੀਨ ਡਾ. ਮਨੀਸ਼ ਕੁਮਾਰ ਚੈਟਲੀ ਨੇ ਜਾਣਕਾਰੀ ਦਿੱਤੀ ਕਿ ਇਹ ਕਾਲਜ ਵੈਟਰਨਰੀ ਸਾਇੰਸ ਦੇ ਖੇਤਰ ਵਿਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਦੇ ਨਾਲ ਛੋਟੇ ਕੋਰਸ ਵੀ ਕਰਵਾ ਰਿਹਾ ਹੈ।

ਇਸ ਤੋਂ ਇਲਾਵਾ ਸਿਖਲਾਈ, ਸਲਾਹਕਾਰੀ, ਖੋਜ, ਅਧਿਆਪਨ ਅਤੇ ਪਸਾਰ ਸੇਵਾਵਾਂ ਦੇ ਮਾਧਿਅਮ ਰਾਹੀਂ ਕਿਸਾਨ ਭਾਈਚਾਰੇ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਗ਼ੈਰ ਸਰਕਾਰੀ ਸੰਗਠਨ ਕੇਅਰ ਇੰਡੀਆ ਦੇਸ਼ ਦੇ 19 ਸੂਬਿਆਂ ਵਿਚ ਲੋਕ ਭਲਾਈ ਹਿਤ ਕੰਮ ਕਰ ਰਿਹਾ ਹੈ, ਜਿਸ ਰਾਹੀਂ ਛੋਟੇ ਕਿਸਾਨਾਂ, ਔਰਤਾਂ ਅਤੇ ਹੋਰ ਪ੍ਰਤੀਭਾਗੀਆਂ ਨੂੰ ਗਿਆਨ ਅਤੇ ਸੇਵਾਵਾਂ ਦੇ ਕੇ ਸ਼ਕਤੀਕਰਨ ਕੀਤਾ ਜਾ ਰਿਹਾ ਹੈ।

ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਇਸ ਸੰਗਠਨ ਦੇ ਸਾਂਝੇ ਰੂਪ ਵਿਚ ਕੰਮ ਕਰਨ ਨਾਲ ਇਸ ਖੇਤਰ ਦੇ ਪਸ਼ੂ ਪਾਲਕਾਂ ਨੂੰ ਫਾਇਦਾ ਹੋਵੇਗਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਪਸ਼ੂ ਪਾਲਣ ਦੇ ਆਧੁਨਿਕ ਤੌਰ ਤਰੀਕਿਆਂ ਦਾ ਲਗਾਤਾਰ ਪ੍ਰਚਾਰ ਕਰਦੀ ਹੈ ਤਾਂ ਜੋ ਪਸ਼ੂਆਂ ਦੇ ਰੱਖ-ਰਖਾਅ ਅਤੇ ਇਲਾਜ ਦੇ ਖਰਚੇ ਨੂੰ ਘਟਾਇਆ ਜਾ ਸਕੇ।

Facebook Comments

Trending

Copyright © 2020 Ludhiana Live Media - All Rights Reserved.