ਕਰੋਨਾਵਾਇਰਸ

 15-18 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਣ ਦਾ ਆਗਾਜ਼ – ਸਿਵਲ ਸਰਜਨ ਡਾ. ਐਸ.ਪੀ. ਸਿੰਘ

Published

on

ਲੁਧਿਆਣਾ :   ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ.ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  15-18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰ ਰਹੇ ਹਾਂ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ.ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਟੀਕਾਕਰਣ ਨਿਰੰਤਰ ਜਾਰੀ ਹੈ ਅਤੇ ਲੁਧਿਆਣਵੀਆਂ ਦੇ ਸਹਿਯੋਗ ਸਦਕਾ ਪਹਿਲੀ ਡੋਜ ਦੀ ਪੂਰੀ ਪ੍ਰਾਪਤੀ ਕਰ ਲਈ ਗਈ ਹੈ।

ਉਨ੍ਹਾ ਅੱਗੇ ਦੱਸਿਆ ਕਿ ਸੰਪੂਰਣ ਟੀਕਾਕਰਣ ਲਈ ਦੂਜੀ ਡੋਜ ਲਗਵਾਉਣੀ ਪੂਰੀ ਤਰ੍ਹਾਂ ਲਾਜ਼ਮੀ ਹੈ ਇਸ ਲਈ ਜਿਹੜੇ ਵਿਅਕਤੀਆਂ ਨੇ ਹਾਲੇ ਤੱਕ ਆਪਣੀ ਦੂਸਰੀ ਡੋਜ ਨਹੀਂ ਲਗਵਾਈ ਉਹ ਜਲਦ ਆਪਣੀ ਦੂਜੀ ਡੋਜ ਲਗਵਾ ਲੈਣ ਤਾਂ ਜੋ ਅਸੀ ਕੋਰੋਨਾ ਬਿਮਾਰੀ ਤੋਂ ਆਪਣਾ ਤੇ ਆਪਣਿਆਂ ਦਾ ਬਚਾ ਕਰ ਸਕੀਏ।

ਡਾ. ਐਸ.ਪੀ. ਸਿੰਘ ਨੇ ਸਾਰੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਡਰ ਦੇ 15-18 ਸਾਲ ਤੱਕ ਦੇ ਬੱਚਿਆਂ ਦੇ ਟੀਕੇ ਜ਼ਰੂਰ ਲਗਵਾਉਣ ਅਤੇ ਬੱਚਿਆਂ ਨੂੰ ਵੀ ਟੀਕੇ ਲਗਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਇਹ ਟੀਕਾਕਰਣ ਸਿਵਲ ਹਸਪਤਾਲ ਲੁਧਿਆਣਾ, ਡਾ. ਅੰਬੇਦਕਰ ਭਵਨ ਸਲੇਮ ਟਾਬਰੀ, ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂ.ਸੀ.ਐਚ.ਸੀ.), ਜਵੱਦੀ, ਯੂ.ਸੀ.ਐਚ.ਸੀ. ਸੁਭਾਸ਼ ਨਗਰ, ਯੂ.ਸੀ.ਐਚ.ਸੀ. ਸਿਵਲ ਸਰਜਨ ਦਫ਼ਤਰ ਲੁਧਿਆਣਾ, ਯੂ.ਸੀ.ਐਚ.ਸੀ. ਸ਼ਿਮਲਾਪੁਰੀ, ਜੱਚਾ-ਬੱਚਾ ਹਸਪਤਾਲ, ਚੰਡੀਗੜ੍ਹ ਰੋਡ ਵਰਧਮਾਨ, ਯੂ.ਸੀ.ਐਚ.ਸੀ. ਗਿਆਸਪੁਰਾ, ਸਬ ਡਵੀਜ਼ਨਲ ਹੈਲਥ ਸੈਂਟਰ (ਐਸ.ਡੀ.ਐਚ.), ਰਾਏਕੋਟ, ਸਮਰਾਲਾ, ਖੰਨਾ, ਜਗਰਾਓਂ ਅਤੇ ਸੀ.ਐਚ.ਸੀ. ਸੁਧਾਰ ਵਿਖੇ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕੋਵੈਕਸੀਨ ਦਾ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਬੱਚੇ ਉਪਰੋਕਤ ਥਾਵਾਂ ‘ਤੇ ਪੂਰਾ ਹਫ਼ਤਾ ਆਪਣਾ ਆਧਾਰ ਕਾਰਡ ਜਾਂ ਸਕੂਲ ਦਾ ਸਨਾਖ਼ਤੀ ਕਾਰਡ ਦਿਖਾ ਕੇ ਆਪਣਾ ਟੀਕਾਕਰਣ ਕਰਵਾ ਸਕਦੇ ਹਨ। ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੁਨੀਸ਼ਾ ਖੰਨਾ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਦੀ ਰਸਮੀ ਸੁਰੂਆਤ ਸਥਾਨਕ ਯੂ.ਸੀ.ਐਚ.ਸੀ. ਜਵੱਦੀ ਵਿਖੇ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.