ਲੁਧਿਆਣਾ : ਲੁਧਿਆਣਾ ‘ਚ ਕੋਰੋਨਾ ਵਾਇਰਸ ਫਿਰ ਤੋਂ ਬੁਰੀ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ ਹੈ ਜਿਸ ਕਰ ਕੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ਵਾਇਰਸ ਪ੍ਰਤੀ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਗੰਭੀਰ ਮਰੀਜ਼ਾਂ ਦਾ ਦਮ ਤੋੜੇ ਜਾਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ 2 ਦਿਨਾਂ ਤੋਂ ਬਾਅਦ ਅੱਜ ਫਿਰ ਲੁਧਿਆਣਾ ‘ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚੋਂ ਇਕ ਮਿ੍ਤਕ ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਜਦ ਕਿ ਦੂਜਾ ਮਿ੍ਤਕ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧ ਰੱਖਦਾ ਸੀ।
ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ‘ਚ ਅੱਜ 30 ਹੋਰ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 29 ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ ਜਦ ਕਿ 1 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤੱਕ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਲੁਧਿਆਣਾ ਨਾਲ ਸਬੰਧਿਤ 2289 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।