ਪੰਜਾਬ ਨਿਊਜ਼

 ਲੁਧਿਆਣਾ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾਂਜਲੀ ਭੇਟ

Published

on

ਲੁਧਿਆਣਾ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਆਮ ਆਦਮੀ ਸਰਕਾਰ ਸੂਬੇ ਦੀ ਸਮੁੱਚੀ ਵਿਵਸਥਾ ਵਿੱਚ ਸੁਧਾਰ ਕਰੇਗੀ ਤਾਂ ਜੋ ਲੋਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਰਾਮਗੜ੍ਹੀਆ ਕਾਲਜ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਬ੍ਰਹਿਮੰਡ ਵਿੱਚ ਰਚਨਾਤਮਕਤਾ, ਇੰਜਨੀਅਰਿੰਗ, ਨਿਰਮਾਣ ਸ਼ੈਲੀ ਅਤੇ ਤਕਨਾਲੋਜੀ ਦੇ ਮੋਢੀ ਸਨ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ, ਜਿਸ ਦੌਰਾਨ ਉਨ੍ਹਾਂ ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਸੂਬੇ ਨੂੰ ਹੋਏ ਨੁਕਸਾਨ ਦੀ ਪੂਰਤੀ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਵਿੱਚ ਜੋ ਵਿਕਾਸ ਹੋਇਆ ਹੈ, ਉਹ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਸਦਕਾ ਹੀ ਹੋਇਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਯੁੱਗਾਂ ਤੋਂ ਸਾਰੇ ਬ੍ਰਹਿਮੰਡ ਦੇ ਰਚਨਾਕਾਰ ਭਗਵਾਨ ਵਿਸ਼ਵਕਰਮਾ ਨੂੰ ਸਾਰੀਆਂ ਉਦਯੋਗਿਕ ਗਤੀਵਿਧੀਆਂ ਵਿੱਚ ਲੋਕਾਂ ਵੱਲੋਂ ਵਰਤੀ ਜਾ ਰਹੀ ਸਾਰੀ ਮਸ਼ੀਨਰੀ ਅਤੇ ਉਪਕਰਨਾਂ ਦਾ ਸਵਾਮੀ ਮੰਨਿਆ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਕਾਰੀਗਰਾਂ ਅਤੇ ਇਮਾਰਤਸਾਜ਼ਾਂ ਦੇ ਇਸ ਮਹਾਨ ਦੇਵਤੇ ਨੇ ਸਾਡੇ ਕਾਰੀਗਰਾਂ, ਕਿਰਤੀਆਂ ਅਤੇ ਮਜ਼ਦੂਰ ਵਰਗ ਨੂੰ ਦੇਸ਼ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਕਿਰਤ ਦੇ ਮਾਣ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ।

ਮੁੱਖ ਮੰਤਰੀ ਨੇ ਲੁਧਿਆਣਾ ਸ਼ਹਿਰ ਨਾਲ ਭਾਵਨਾਤਮਕ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਜੇ ਪਿੰਡ ਸਤੌਜ ਉਨ੍ਹਾਂ ਦੀ ਜਨਮ ਭੂਮੀ ਹੈ ਤਾਂ ਲੁਧਿਆਣਾ ਕਰਮ ਭੂਮੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਪਹਿਲਾਂ ਹੀ ਸਖ਼ਤ ਯਤਨ ਕਰ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

Facebook Comments

Trending

Copyright © 2020 Ludhiana Live Media - All Rights Reserved.