ਖੇਤੀਬਾੜੀ

 ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਕੀਤੀ ਸੰਧੀ

Published

on

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ । ਇਸੇ ਸਿਲਸਿਲੇ ਵਿੱਚ ਯੂਨੀਵਰਸਿਟੀ ਨੇ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸੰਧੀ ਕੀਤੀ । ਇਹ ਸੰਧੀ ਮੈਸ. ਅਸ਼ਮਿਤ ਫੂਡ ਐਂਡ ਸੋਫਟ ਡਰਿੰਕਸ, ਮੋਦੀ ਨਗਰ, ਜ਼ਿਲਾ ਗਾਜ਼ੀਆਬਾਦ (ਯੂ.ਪੀ.) ਨਾਲ ਕੀਤੀ ਗਈ ।

ਇਸ ਸੰਧੀ ਉੱਪਰ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਬਲਵਿੰਦਰ ਸਿੰਘ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ । ਇਸ ਸੰਧੀ ਮੁਤਾਬਕ ਯੂਨੀਵਰਸਿਟੀ ਨੇ ਇਨਾਂ ਫਰਮਾਂ ਨੂੰ ਇਹ ਅਧਿਕਾਰ ਪ੍ਰਦਾਨ ਕੀਤੇ ਹਨ ਕਿ ਉਹ ਪੀਏਯੂ ਵੱਲੋਂ ਵਿਕਸਿਤ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਨੂੰ ਭਾਰਤ ਭਰ ਵਿੱਚ ਪਸਾਰਨ ਹਿਤ ਵਰਤੋਂ ਕਰ ਸਕਦੀਆਂ ਹਨ ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਇਸ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਗੰਨੇ ਦੇ ਰਸ ਨੂੰ ਦੇਰੀ ਤੱਕ ਰੱਖਣ ਲਈ ਅਤੇ ਸੂਖਮ ਜੀਵਾਂ ਤੋਂ ਬਚਾਅ ਲਈ ਖਾਸ ਤਰੀਕੇ ਨਾਲ ਪ੍ਰੋਸੈੱਸ ਕੀਤਾ ਜਾਂਦਾ ਹੈ । ਇਸ ਲਈ ਸੜਕਾਂ ਕਿਨਾਰੇ ਰੇਹੜੀਆਂ ਦੇ ਮੁਕਾਬਲੇ ਇਸ ਤਕਨੀਕ ਨਾਲ ਸੰਭਾਲਿਆ ਰਸ ਸਿਹਤਮੰਦ ਹੁੰਦਾ ਹੈ ।

ਤਕਨਾਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈੱਲ ਦੇ ਡਾ. ਊਸ਼ਾ ਨਾਰਾ ਨੇ ਦੱਸਿਆ ਕਿ ਹੁਣ ਤੱਕ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ 14 ਸਮਝੌਤੇ ਦੇਸ਼ ਦੀਆਂ ਵੱਖ-ਵੱਖ ਫਰਮਾਂ ਨਾਲ ਕੀਤੇ ਜਾ ਚੁੱਕੇ ਹਨ । ਉਹਨਾਂ ਇਹ ਵੀ ਦੱਸਿਆ ਕਿ ਪੀਏਯੂ ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਵਪਾਰੀਕਰਨ ਲਈ 291 ਸੰਧੀਆਂ ਕੀਤੀਆਂ ਹਨ ।

Facebook Comments

Trending

Copyright © 2020 Ludhiana Live Media - All Rights Reserved.