ਅਪਰਾਧ

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਮਾਰੀ 89 ਲੱਖ ਤੋਂ ਵੱਧ ਦੀ ਠੱਗੀ

Published

on

ਲੁਧਿਆਣਾ : ਪਰਿਵਾਰ ਦੇ ਪੰਜ ਜੀਆਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟ ਨੇ 89 ਲੱਖ 83 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ।ਦੋ ਸਾਲ ਤਕ ਚੱਲੀ ਤਫਤੀਸ਼ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਨੇ ਪ੍ਰਾਪਰਟੀ ਕਾਰੋਬਾਰੀ ਅਵਤਾਰ ਸਿੰਘ ਦੇ ਬਿਆਨਾਂ ਉੱਪਰ ਰਾਜਿੰਦਰ ਨਗਰ ਨਿਊ ਦਿੱਲੀ ਦੇ ਟ੍ਰੈਵਲ ਏਜੰਟ ਦਵਿੰਦਰ ਸਾਗਰ ਅਤੇ ਦੋਰਾਹਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਖ਼ਿਲਾਫ਼ ਧੋਖਾਧੜੀ ਇਮੀਗ੍ਰੇਸ਼ਨ ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਸਾਲ 2016 ਵਿਚ ਦੋਰਾਹਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਦਿੱਲੀ ਵਾਸੀ ਟ੍ਰੈਵਲ ਏਜੰਟ ਆਪਣੇ ਭਾਣਜੇ ਦਵਿੰਦਰ ਸਾਗਰ ਬਾਰੇ ਦੱਸਿਆ। ਰਾਕੇਸ਼ ਅਵਤਾਰ ਸਿੰਘ ਨੂੰ ਦਵਿੰਦਰ ਸਾਗਰ ਦੇ ਕੋਲ ਲੈ ਗਿਆ। ਦਵਿੰਦਰ ਸਾਗਰ ਨੇ ਅਵਤਾਰ ਸਿੰਘ ,ਉਸ ਦੀਆਂ ਦੋ ਬੇਟੀਆਂ, ਬੇਟੇ ਅਤੇ ਪਤਨੀ ਨੂੰ ਬੜੀ ਆਸਾਨੀ ਨਾਲ ਕੈਨੇਡਾ ਭੇਜ ਦੇਣ ਦੀ ਗੱਲ ਆਖੀ।

ਐਨਾ ਹੀ ਨਹੀਂ ਮੁਲਜ਼ਮ ਨੇ ਕੈਨੇਡਾ ਵਿਚ ਗਰੌਸਰੀ ਸਟੋਰ ਦਿਵਾਉਣ ਦੇ ਸਬਜ਼ ਬਾਗ ਵੀ ਦਿਖਾਏ। ਮੁਲਜ਼ਮਾਂ ਨੇ ਅਲੱਗ-ਅਲੱਗ ਤਾਰੀਕਾਂ ਵਿਚ ਅਵਤਾਰ ਸਿੰਘ ਕੋਲੋਂ 89 ਲੱਖ 83 ਹਜ਼ਾਰ ਰੁਪਏ ਹਾਸਲ ਕੀਤੇ। ਮੁਲਜ਼ਮ ਦਵਿੰਦਰ ਸਾਗਰ ਨੇ ਪੂਰੇ ਪਰਿਵਾਰ ਦੇ ਪਾਸਪੋਰਟ ਵੀ ਆਪਣੇ ਕੋਲ ਹੀ ਰੱਖ ਲਏ। ਕੁਝ ਮਹੀਨੇ ਬੀਤ ਜਾਣ ਦੇ ਬਾਅਦ ਜਦ ਅਵਤਾਰ ਨੇ ਦਵਿੰਦਰ ਸਾਗਰ ਨਾਲ ਗੱਲ ਕੀਤੀ ਤਾਂ ਉਸਨੇ ਕੈਨੇਡਾ ਸੱਦਣ ਵਾਲੇ ਗੋਰੇ ਦੀ ਮਾਂ ਦੀ ਮੌਤ ਹੋਣ ਦੀ ਕਹਾਣੀ ਘੜ ਦਿੱਤੀ।

ਅਵਤਾਰ ਸਿੰਘ ਨੇ 10 ਅਕਤੂਬਰ 2019 ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਤਕਰੀਬਨ ਦੋ ਸਾਲ ਤਕ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਪਡ਼ਤਾਲ ਕੀਤੀ ਅਤੇ ਥਾਣਾ ਦੁੱਗਰੀ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਵਤਾਰ ਸਿੰਘ ਦੇ ਬਿਆਨਾਂ ਉਪਰ ਟ੍ਰੈਵਲ ਏਜੰਟ ਦਵਿੰਦਰ ਸਾਗਰ ਅਤੇ ਦੋਰਾਹਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.