ਖੇਤੀਬਾੜੀ

ਪਸ਼ੂ ਫੀਡ ਨਿਰਮਾਣ ਸੰਬੰਧੀ ਵੈਟਰਨਰੀ ਯੂਨੀਵਰਸਿਟੀ ਨੇ ਕਰਵਾਈ ਸਿਖਲਾਈ

Published

on

ਲੁਧਿਆਣਾ : ਪਸ਼ੂ ਆਹਾਰ ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪਸ਼ੂ ਫੀਡ ਨਿਰਮਾਣ ਬਾਰੇ ਤਿੰਨ ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ: ਉਦੈਬੀਰ ਚਾਹਲ ਨੇ ਦੱਸਿਆ ਕਿ ਇਸ ਸਿਖਲਾਈ ਵਿਚ ਮਲੇਰਕੋਟਲਾ ਜ਼ਿਲ੍ਹੇ ਦੇ 20 ਉੱਦਮੀਆਂ ਨੇ ਭਾਗ ਲਿਆ।

ਉਨ੍ਹਾਂ ਕਿਹਾ ਕਿ ਸਿਖਲਾਈਆਂ ਫੂਡ ਪ੍ਰਾਸੈਸਿੰਗ ਉਦਯੋਗ ਮੰਤਰਾਲੇ ਵਲੋਂ ਮਾਈਕਰੋ ਫੂਡ ਪ੍ਰਾਸੈਸਿੰਗ ਐਂਟਰਪ੍ਰਾਈਜ਼ ਯੋਜਨਾ ਦੇ ਤਹਿਤ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਕਰਵਾਈ ਗਈ। ਕੋਰਸ ਦੇ ਸੰਯੋਜਕ ਡਾ. ਪਰਮਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਕੋਰਸ ਵਿਚ ਫੀਡ ਨਿਰਮਾਣ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਚਰਚਾ ਕੀਤੀ ਗਈ। ਫੂਡ ਪ੍ਰਾਸੈਸਿੰਗ ਤੇ ਇੰਜੀਨੀਅਰਿੰਗ ਵਿਭਾਗ ਪੀ.ਏ.ਯੂ. ਦੇ ਮੁਖੀ ਡਾ. ਮਹੇਸ਼ ਕੁਮਾਰ ਨੇ ਫੀਡ ਨਿਰਮਾਣ ਨਾਲ ਸਬੰਧਤ ਮਸ਼ੀਨਰੀ ਦੇ ਵੱਖ-ਵੱਖ ਮਾਡਲਾਂ ਬਾਰੇ ਸਿਖਿਅਤ ਕੀਤਾ।

ਉਨ੍ਹਾਂ ਨੇ ਛੋਟੇ ਪਸ਼ੂਆਂ ਲਈ ਗੋਲੀਦਾਰ ਫੀਡ ਦੇ ਫਾਇਦਿਆਂ ਬਾਰੇ ਚਾਨਣਾ ਪਾਇਆ। ਪ੍ਰਬੰਧਕ ਪੰਜਾਬ ਐਗਰੋ ਇੰਡਸਟਰੀਜ਼ ਰਜਨੀਸ਼ ਤੁਲੀ ਨੇ ਸਰਕਾਰੀ ਯੋਜਨਾਵਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ ਅਤੇ ਭਾਗੀਦਾਰਾਂ ਨੂੰ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿਚ ਇਸ ਸਕੀਮ ਅਧੀਨ 7000 ਉੱਦਮੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਤੇ 300 ਕਰੋੜ ਰੁਪਏ ਦੀ ਰਾਸ਼ੀ ਸਬਸਿਡੀ ਯੋਜਨਾ ਅਧੀਨ ਲਾਭਪਾਤਰੀਆਂ ਵਿਚ ਵੰਡੀ ਜਾਵੇਗੀ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਪਸ਼ੂ ਖੁਰਾਕ ਨਿਰਮਾਣ ਉੱਦਮੀਆਂ ਨੂੰ ਚੰਗੀ ਗੁਣਵੱਤਾ ਵਾਲੀ ਅਤੇ ਸੰਤੁਲਿਤ ਫੀਡ ਬਣਾਉਣ ਦੀ ਸਲਾਹ ਦਿੱਤੀ ਤਾਂ ਜੋ ਮਿਆਰੀ ਦੁੱਧ ਦਾ ਉਤਪਾਦਨ ਕੀਤਾ ਜਾ ਸਕੇ। ਉਨ੍ਹਾਂ ਨੇ ਫੀਡ ਨਿਰਮਾਣ ਉਦਮੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਵੈਟਰਨਰੀ ਯੂਨੀਵਰਸਿਟੀ ਦੇ ਸਾਹਿਤ ਬਾਰੇ ਵੀ ਜਾਣਕਾਰੀ ਦੇਣ ਤਾਂ ਜੋ ਕਿਸਾਨਾਂ ਕੋਲ ਫੀਡ ਨਿਰਮਾਣ ਸੰਬੰਧੀ ਨਵੀਨਤਮ ਜਾਣਕਾਰੀ ਹੋਵੇ।

Facebook Comments

Trending

Copyright © 2020 Ludhiana Live Media - All Rights Reserved.