ਲੁਧਿਆਣਾ : ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਕੰਟਰੋਲਰ, ਜਨਰਲ ਆਫ ਡਿਫੈਂਸ ਅਕਾਊਂਟਸ, ਉਲਨ ਬਤਰ ਰੋਡ, ਦਿੱਲੀ ਕੈਂਟ ਵੱਲੋਂ 27 ਮਾਰਚ ਤੋਂ 29 ਮਾਰਚ ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਲੁਧਿਆਣਾ ਵਿਖੇ ਸਪਰਸ਼ ਪੋਰਟਲ ਸਬੰਧੀ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਦੌਰਾਨ ਸਾਬਕਾ ਸੈਨਿਕ/ਵਿਧਵਾ/ਆਸ਼ਰਿਤ ਜਿਨ੍ਹਾਂ ਦੀ ਸਪਰਸ਼ ਪੋਰਟਲ ਉੱਤੇ ਪੈਨਸ਼ਨ ਮਾਈਗ੍ਰੇਟ ਹੋ ਚੁੱਕੀ ਹੈ, ਨੂੰ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਉਸਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਦੀ ਪੈਨਸ਼ਨ ਸਪਰਸ਼ ਪੋਰਟਲ ਤੇ ਮਾਈਗ੍ਰੇਟ ਨਹੀਂ ਹੋਈ ਹੈ, ਉਨ੍ਹਾਂ ਕੇਸਾਂ ਸਬੰਧੀ ਵੀ ਟੀਮ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪੈਨਸ਼ਨਰਾਂ ਨੂੰ ਸਪਰਸ਼ ਪੋਰਟਲ ਬਾਰੇ ਹਰ ਪੱਖੋਂ ਜਾਣੂੰ ਵੀ ਕਰਵਾਇਆ ਜਾਵੇਗਾ। ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਵਲੋਂ ਜਿਲ੍ਹਾ ਲੁਧਿਆਣਾ ਨਾਲ ਸਬੰਧਤ ਸਮੂਹ ਸਾਬਕਾ ਸੈਨਿਕਾਂ/ਵਿਧਵਾਵਾਂ/ਆਸ਼ਰਿਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 27 ਮਾਰਚ ਤੋਂ 29 ਮਾਰਚ ਤੱਕ ਲੱਗਣ ਵਾਲੇ ਟ੍ਰੇਨਿੰਗ ਕੈਂਪ ਵਿੱਚ ਸ਼ਮੂਲੀਅਤ ਕਰਦਿਆਂ ਵੱਧ ਤੋਂ ਵੱਧ ਲਾਹਾ ਲਿਆ ਜਾਵੇ।