Connect with us

ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਸਤੰਬਰ 2023)

Published

on

Today's hukamnama from Sri Darbar Sahib (September 2, 2023)

ਰਾਮਕਲੀ ਮਹਲਾ ੫ ॥
ਦਰਸਨ ਕਉ ਜਾਈਐ ਕੁਰਬਾਨੁ ॥ ਚਰਨ ਕਮਲ ਹਿਰਦੈ ਧਰਿ ਧਿਆਨੁ ॥ ਧੂਰਿ ਸੰਤਨ ਕੀ ਮਸਤਕਿ ਲਾਇ ॥ ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥ ਜਿਸੁ ਭੇਟਤ ਮਿਟੈ ਅਭਿਮਾਨੁ ॥ ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥ ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥ ਗੁਰ ਕੀ ਭਗਤਿ ਸਦਾ ਗੁਣ ਗਾਉ ॥ ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥ ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥ ਗੁਰ ਬਚਨੀ ਸਮਸਰਿ ਸੁਖ ਦੂਖ ॥ ਕਦੇ ਨ ਬਿਆਪੈ ਤ੍ਰਿਸਨਾ ਭੂਖ ॥ ਮਨਿ ਸੰਤੋਖੁ ਸਬਦਿ ਗੁਰ ਰਾਜੇ ॥ ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥ ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥ ਗੁਰੁ ਦਾਤਾ ਦਇਆਲ ਬਖਸਿੰਦੁ ॥ ਗੁਰ ਚਰਨੀ ਜਾ ਕਾ ਮਨੁ ਲਾਗਾ ॥ ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥
ਸ਼ਨਿੱਚਰਵਾਰ, ੧੭ ਭਾਦੋਂ (ਸੰਮਤ ੫੫੫ ਨਾਨਕਸ਼ਾਹੀ) (ਅੰਗ : ੮੯੭)
ਰਾਮਕਲੀ ਮਹਲਾ ੫ ॥
(ਹੇ ਭਾਈ! ਗੁਰੂ ਦੇ) ਸੋਹਣੇ ਚਰਨਾਂ ਦਾ ਧਿਆਨ ਹਿਰਦੇ ਵਿਚ ਧਰ ਕੇ (ਗੁਰੂ ਦੇ) ਦਰਸ਼ਨ ਤੋਂ ਸਦਕੇ ਜਾਣਾ ਚਾਹੀਦਾ ਹੈ (ਦਰਸ਼ਨ ਦੀ ਖ਼ਾਤਰ ਆਪਾ-ਭਾਵ ਕੁਰਬਾਨ ਕਰ ਦੇਣਾ ਚਾਹੀਦਾ ਹੈ)। (ਹੇ ਭਾਈ! ਗੁਰੂ ਦੇ ਦਰ ਤੇ ਰਹਿਣ ਵਾਲੇ) ਸੰਤ ਜਨਾਂ ਦੀ ਚਰਨ-ਧੂੜ ਮੱਥੇ ਉਤੇ ਲਾਇਆ ਕਰ (ਇਸ ਤਰ੍ਹਾਂ) ਅਨੇਕਾਂ ਜਨਮਾਂ ਦੀ ਖੋਟੀ ਮਤਿ ਦੀ ਮੈਲ ਲਹਿ ਜਾਂਦੀ ਹੈ ।੧। ਹੇ ਸਭ ਗੁਣਾਂ ਵਾਲੇ ਭਗਵਾਨ! (ਮੇਰੇ ਉਤੇ) ਕਿਰਪਾ ਕਰ (ਮੈਨੂੰ ਉਹ ਗੁਰੂ ਮਿਲਾ) ਜਿਸ ਗੁਰੂ ਨੂੰ ਮਿਲਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ, ਅਤੇ ਪਾਰਬ੍ਰਹਮ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ ।੧।ਰਹਾਉ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ-ਇਹੀ ਹੈ ਗੁਰੂ ਦੀ ਸੋਭਾ (ਕਰਨੀ) । ਹੇ ਭਾਈ! ਸਦਾ ਪ੍ਰਭੂ ਦੇ ਗੁਣ ਗਾਇਆ ਕਰ-ਇਹੀ ਹੈ ਗੁਰੂ ਦੀ ਭਗਤੀ! ਹੇ ਭਾਈ! ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਜਾਣ-ਇਹੀ ਹੈ ਗੁਰੂ ਦੇ ਚਰਨਾਂ ਵਿਚ ਧਿਆਨ ਧਰਨਾ । ਹੇ ਭਾਈ! ਗੁਰੂ ਦੇ ਸ਼ਬਦ ਨੂੰ (ਸਦਾ) ਸੱਚਾ ਕਰਕੇ ਮੰਨ ।੨। ਹੇ ਭਾਈ! ਗੁਰੂ ਦੇ ਬਚਨਾਂ ਦੀ ਰਾਹੀਂ (ਸਾਰੇ) ਸੁਖ ਦੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ, ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ । ਗੁਰੂ ਦੇ ਸ਼ਬਦ ਦੀ ਰਾਹੀਂ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ, (ਮਨ) ਰੱਜ ਜਾਂਦਾ ਹੈ । ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪੜਦੇ ਕੱਜੇ ਜਾਂਦੇ ਹਨ (ਲੋਕ ਪਰਲੋਕ ਵਿਚ ਇੱਜ਼ਤ ਬਣ ਜਾਂਦੀ ਹੈ) ।੩। ਹੇ ਭਾਈ! ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਗੋਬਿੰਦ (ਦਾ ਰੂਪ) ਹੈ । ਗੁਰੂ ਦਾਤਾਰ (ਪ੍ਰਭੂ ਦਾ ਰੂਪ) ਹੈ, ਗੁਰੂ ਦਇਆ ਦੇ ਸੋਮੇ ਬਖ਼ਸ਼ਣਹਾਰ ਪ੍ਰਭੂ (ਦਾ ਰੂਪ) ਹੈ । ਹੇ ਨਾਨਕ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ, ਉਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ ।੪।੩੬।੪੭।

Facebook Comments

Trending