ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (04 ਅਕਤੂਬਰ, 2022)

Published

on

ਸੂਹੀ ਮਹਲਾ ੫ ॥
ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥
ਮੰਗਲਵਾਰ, ੧੮ ਅੱਸੂ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੭੪੨)
ਸੂਹੀ ਮਹਲਾ ੫ ॥
ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ।੧। ਹੇ ਪ੍ਰਭੂ! ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ, ਪਰ ਤੂੰ ਆਪਣੇ ਸੇਵਕ ਨੂੰ (ਉਸ ਵਿਚੋਂ) ਆਪ ਕੱਢ ਲਿਆ ।੧।ਰਹਾਉ। ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ।੨। ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ।੩। ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ, ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਨੂੰ ਆਪਣੇ ਲੜ ਲਾ ਲਿਆ ।੪।੨੨।੨੮।

Facebook Comments

Trending

Copyright © 2020 Ludhiana Live Media - All Rights Reserved.