ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੂਨ, 2023)

Published

on

ੴਸਤਿਗੁਰ ਪ੍ਰਸਾਦਿ॥
ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ ਲੀਆ ਤ ਦੀਆ ਮਾਨੁ ਜਿਨੑ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨੑ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥ ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥
ਵੀਰਵਾਰ, ੧੫ ਹਾੜ (ਸੰਮਤ ੫੫੫ ਨਾਨਕਸ਼ਾਹੀ) ੨੯ ਜੂਨ, ੨੦੨੩ (ਅੰਗ: ੭੬੫)
ੴਸਤਿਗੁਰ ਪ੍ਰਸਾਦਿ॥
ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ। ਪਰ ਹੇ ਪ੍ਰਭੂ! ਤੇਰੀ ਬਖਸ਼ਸ਼ ਨਾਲ ਕਿਸੇ ਸੁਭਾਗ ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, ਕਿਸੇ ਸੁਭਾਗ ਸਰੀਰ ਵਿਚ ਚੰਦ ਚਮਕਦਾ ਹੈ, ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ। ਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ ਪ੍ਰਭੂ ਨਾਮ ਦੀ ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ ਅਗਿਆਨਤਾ ਦਾ ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, ਲੋਕ ਪਰਲੋਕ ਵਿਚ ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ। ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।੧। ਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿੰਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ ਜਿੰਨ੍ਹਾਂ ਦੀ ਸੰਗਤਿ ਕਰਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ। ਜਿੰਨ੍ਹਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ ਆਪਣੇ ਸਤਸੰਗੀਆਂ ਨੂੰ ਆਪਣੀ ਜਾਨ ਨਾਲ ਲਾ ਰੱਖਦੇ ਹਨ, ਜਿੰਦ ਤੋਂ ਪਿਆਰਾ ਸਮਝਦੇ ਹਨ। ਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗਣ ਉਹਨਾਂ ਦੇ ਨੇੜੇ ਨਹੀਂ ਢੁਕਦੇ। ਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿੰਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ।੨। ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤ ਗੁਣਾਂ ਦਾ ਡੱਬਾ ਹੈ, ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ ਡੱਬੇ ਵਿਚਲੀ ਸੁਗੰਧੀ ਲੈਣੀ ਚਾਹੀਦੀ ਹੈ। ਹੇ ਭਾਈ! ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਗੁਰਮੁਖਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਅੰਦਰੋਂ ਔਗਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ, ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰਕੇ ਤੇ ਭਲਾਈ ਦੇ ਸੋਹਣੇ ਉੱਦਮ ਕਰਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਿਆ ਜਾ ਸਕਦਾ ਹੈ। ਗੁਰਮੁਖਾਂ ਦੀ ਸੰਗਤਿ ਦੀ ਬਰਕਤਿ ਨਾਲ ਫਿਰ ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ, ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ। ਹੇ ਭਾਈ! ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਹਲ ਕੇ ਡੱਬੇ ਵਿਚਲੀ ਸੁਗੰਧੀ ਲੈਣੀ ਚਾਹੀਦੀ ਹੈ।੩। ਜਗਤ ਵਿਚ ਅਨੇਕਾਂ ਜੀਵ ਗੁਣ ਵਿਹਾਝ ਰਹੇ ਹਨ, ਅਨੇਕਾਂ ਹੀ ਔਗਣ ਕਮਾ ਰਹੇ ਹਨ। ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ, ਪਰਮਾਤਮਾ ਆਪ ਹੀ ਇਹ ਸਭ ਕੁਝ ਕਰ ਰਿਹਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ, ਤਾਹੀਏਂ ਕਿਸੇ ਹੋਰ ਦੇ ਪਾਸ ਇਸ ਦੇ ਸੰਬੰਧ ਵਿਚ ਕੋਈ ਗਿਲ੍ਹਾ ਆਦਿਕ ਨਹੀਂ ਕੀਤਾ ਜਾ ਸਕਦਾ। ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ, ਉਹ ਖੁੰਝਿਆ ਹੋਇਆ ਨਹੀਂ ਹੈ, ਇਸ ਵਾਸਤੇ ਕਿਸੇ ਖੁੰਝਾਈ ਬਾਰੇ ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਤੇ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ। ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾਂ ਹੀ ਸਭ ਨੂੰ ਦਾਨ ਦੇਂਦਾ ਹੈ। ਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ। ਹੇ ਨਾਨਕ! ਉਹ ਸਿਰਜਣ-ਹਾਰ ਹੀ ਸਦਾ ਥਿਰ ਰਹਿਣ ਵਾਲਾ ਹੈ। ਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ ਉਸ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲ੍ਹਾ ਨਹੀਂ ਕੀਤਾ ਜਾ ਸਕਦਾ।੪।੧।੪।

Facebook Comments

Trending

Copyright © 2020 Ludhiana Live Media - All Rights Reserved.