Connect with us

ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਅਗਸਤ, 2022)

Published

on

Today's hukamnama from Sri Darbar Sahib (August 23, 2022)

ਬਿਲਾਵਲੁ ਮਹਲਾ ੧ ਛੰਤ ਦਖਣੀ
ੴਸਤਿਗੁਰ ਪ੍ਰਸਾਦਿ ॥
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥ ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁੁ ਨਿਵਾਰਿਆ ॥ ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥ ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥ ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥ ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥ ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥ ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥ ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥ ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥ ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥ ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥ ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥ ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥ ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥ ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥ ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥ ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥ ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
ਮੰਗਲਵਾਰ, ੭ ਭਾਦੋਂ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੪੩)
ਬਿਲਾਵਲੁ ਮਹਲਾ ੧ ਛੰਤ ਦਖਣੀ
ੴ ਸਤਿਗੁਰ ਪ੍ਰਸਾਦਿ ॥
ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤਿ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ । ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ । ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕੋ੍ਰਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ । ਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ।੧। ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ; ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ । ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ । (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ, (ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ) । (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ । ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ । ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ । ਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤਿ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ।੨। (ਹੇ ਭਾਈ! ਜਿਹੜੀ ਜੀਵ-ਇਸਤ੍ਰੀ ਦੀ) ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ-ਇਸਤ੍ਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ, (ਉਹ ਜੀਵ-ਇਸਤ੍ਰੀ) ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਜੀਵ-ਇਸਤ੍ਰੀ ਪਤੀ-ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ । ਹੇ ਭਾਈ! ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ, ਪਰਮਾਤਮਾ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ (ਉਸ ਦੇ ਅੰਦਰ ਪਰਮਾਤਮਾ ਦਾ) ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ) ਗੁਰੂ ਨੇ (ਮੈਨੂੰ) ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ । (ਉਸ ਜੀਵ-ਇਸਤ੍ਰੀ ਨੂੰ) ਦਿਨ ਰਾਤ ਘੜੀ ਪਲ (ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ) ਨਹੀਂ ਭੁੱਲਦੀ, (ਉਹ ਜੀਵ-ਇਸਤ੍ਰੀ) ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ (ਨੂੰ ਚੇਤੇ ਰੱਖਦੀ ਹੈ) । ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ (ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਹਰੇਕ) ਡਰ-ਸਹਿਮ ਨਾਸ ਕਰ ਲੈਂਦੀ ਹੈ ।੩। ਹੇ ਸਹੇਲੀਏ! (ਪਰਮਾਤਮਾ ਦੀ) ਜੋਤਿ ਹਰ ਥਾਂ (ਪਸਰੀ ਹੋਈ) ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ । ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ । ਹੇ ਸਹੇਲੀਏ! ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ । ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ । ਹੇ ਸਹੇਲੀਏ! (ਅਪਣੇ ਅੰਦਰੋਂ) ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇਹ (ਸਹੇਲੀਏ! ਹਉਮੈ ਮਮਤਾ ਲੋਭ ਆਦਿਕ ਦੀ) ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ । (ਸੋ, ਹੇ ਸਹੇਲੀਏ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ) ਰਜ਼ਾ ਵਿਚ (ਤੁਰ ਕੇ ਜੀਵਨ ਬਿਤੀਤ ਕਰ, ਤੇ ਅਰਦਾਸ ਕਰਿਆ ਕਰ—) ਹੇ ਤਾਰਨਹਾਰ ਪ੍ਰਭੂ! (ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈ (ਇਸ ਤਰ੍ਹਾਂ, ਹੇ ਸਹੇਲੀਏ! ਗੁਰੂ ਦੇ) ਦਰ ਤੇ ਜਾ ਕੇ (ਪਰਮਾਤਮਾ ਦਾ) ਦਰਸਨ ਕਰ ਲਏਂਗੀ । ਹੇ ਨਾਨਕ! (ਆਖ—ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ (ਮਾਇਆ ਦੀ ਤਿ੍ਰਸ਼ਨਾ ਵਲੋਂ) ਰੱਜ ਜਾਂਦੀ ਹੈ ।੪।੧।

Facebook Comments

Trending