ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (02 ਅਗਸਤ, 2022)

Published

on

ਗਉੜੀ ਕਬੀਰ ਜੀ ॥
ਜਿਹ ਮਰਨੈ ਸਭੁ ਜਗਤੁ ਤਰਾਸਿਆ ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥ ਮਰਨੋ ਮਰਨੁ ਕਹੈ ਸਭੁ ਕੋਈ ॥ ਸਹਜੇ ਮਰੈ ਅਮਰੁ ਹੋਇ ਸੋਈ ॥੨॥ ਕਹੁ ਕਬੀਰ ਮਨਿ ਭਇਆ ਅਨੰਦਾ ॥ ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥
ਮੰਗਲਵਾਰ, ੧੮ ਸਾਵਣ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੩੨੭)
ਗਉੜੀ ਕਬੀਰ ਜੀ ॥
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ।੧। ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ । (ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ।੧।ਰਹਾਉ। (ਦੁਨੀਆ ਵਿਚ) ਹਰੇਕ ਜੀਵ ‘ਮੌਤ, ਮੌਤ’ ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ), (ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ।੨। ਹੇ ਕਬੀਰ! ਆਖ—(ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ।੩।੨੦। ਸ਼ਬਦ ਦਾ ਭਾਵ :—ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ; ਬਾਕੀ ਸਾਰਾ ਜਹਾਨ ਮੌਤ ਤੋਂ ਡਰ ਰਿਹਾ ਹੈ ।੨੦।

Facebook Comments

Trending

Copyright © 2020 Ludhiana Live Media - All Rights Reserved.