ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (7 ਅਪ੍ਰੈਲ, 2023)

Published

on

ਸਲੋਕ ਮਃ ੪ ॥
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥ ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥ ਮਃ ੩ ॥ ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ ਪਉੜੀ ॥ ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥ ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥ ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥ ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥
ਸ਼ੁੱਕਰਵਾਰ, ੨੫ ਚੇਤ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੫੫੨)
ਸਲੋਕ ਮਃ ੪ ॥
ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਹੋਰ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ ਭਾਵ, ਉਹ ਕਰਮ ਹੋਰ ਵਧੀਕ ਮਾਇਆ ਦੇ ਮੋਹ ਵਿਚ ਫ਼ਸਾਉਂਦੇ ਹਨ ਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ ਤੇ ਇਸ ਕਰ ਕੇ ਮਰਦੇ ਤੇ ਜੰਮਦੇ ਰਹਿੰਦੇ ਹਨ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ, ਇਸ ਦੇ ਹਿਰਦੇ ਵਿਚ ਨਾਮ ਨਹੀਂ ਵੱਸਦਾ; ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ ਮਾਨੋ ਜਮਪੁਰੀ ਵਿਚ ਬੱਧੇ ਮਾਰੀਦੇ ਹਨ ਤੇ ਤੁਰਨ ਵੇਲੇ ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ।੧। ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਬਣ ਜਾਂਦਾ ਹੈ, ਹੇ ਨਾਨਕ! ਉਹ ਆਪਣਾ ਮਨੁੱਖਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਭੀ ਤਾਰ ਲੈਂਦੇ ਹਨ।੨। ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਮੁੰਡੇ ਪੜ੍ਹਨ ਨੂੰ ਲਿਆਉਂਦਾ ਹੈ, ਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ; ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ, ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇਞਾਣੇ ਕਰ ਦੇਂਦਾ ਹੈ। ਹੇ ਸੱਚੇ ਹਰੀ! ਜਦੋਂ ਆਪ ਤੇਰੇ ਮਨ ਵਿਚ ਚੰਗੇ ਲੱਗਦੇ ਹਨ, ਤਾਂ ਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ।੧੧।

Facebook Comments

Trending

Copyright © 2020 Ludhiana Live Media - All Rights Reserved.