ਪੰਜਾਬੀ

ਵਿਧਾਨ ਸਭਾ ਹਲਕਾ ਪਾਇਲ ‘ਚ ਇਸ ਵਾਰ ਹੋਵੇਗਾ ਬਹੁਕੋਣਾ ਮੁਕਾਬਲਾ

Published

on

ਪਾਇਲ (ਲੁਧਿਆਣਾ) :   ਵਿਧਾਨ ਸਭਾ ਹਲਕਾ ਪਾਇਲ ਦਾ ਪਿਛਲਾ ਇਤਿਹਾਸ ਵਿਚ ਦੋ ਪਾਰਟੀਆਂ ਦੇ ਉਮੀਦਵਾਰ ਜਿੱਤਦੇ ਰਹੇ ਹਨ। ਪ੍ਰੰਤੂ ਪਹਿਲੀ ਵਾਰ ਵਿਧਾਨ ਸਭਾ ਹਲਕਾ ਪਾਇਲ ਵਿਚ ਬਹੁਕੋਣਾ ਮੁਕਾਬਲਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਕਾਂਗਰਸ ਪਾਰਟੀ ਵਲੋਂ ਲਖਵੀਰ ਸਿੰਘ ਲੱਖਾ ਪਾਇਲ ਨੂੰ ਤੀਸਰੀ ਵਾਰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ-ਬਸਪਾ ਗੱਠਜੋੜ ਵਲੋਂ ਡਾ. ਜਸਪ੍ਰੀਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ.ਆਮ ਆਦਮੀ ਪਾਰਟੀ ਵਲੋਂ ਮਨਵਿੰਦਰ ਸਿੰਘ ਗਿਆਸਪੁਰਾ ਚੋਣ ਮੈਦਾਨ ਵਿਚ ਹਨ। ਸੰਯੁਕਤ ਕਿਸਾਨ ਮੋਰਚਾ ਵਲੋਂ ਸਿਮਰਜੀਤ ਸਿੰਘ ਦੋਬੁਰਜੀ ਨੂੰ ਟਿਕਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਗੁਰਦੀਪ ਸਿੰਘ ਕਾਲੀ, ਜਗਦੀਪ ਸਿੰਘ ਸਿਰਥਲਾ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹਲਕਾ ਪਾਇਲ ਦੇ ਪਿਛਲੇ ਰਿਕਾਰਡ ਵਿਚ ਕਦੇ ਅਕਾਲੀ ਅਤੇ ਕਦੇ ਕਾਂਗਰਸੀ ਵਿਧਾਇਕ ਚੋਣ ਜਿੱਤਦੇ ਰਹੇ ਹਨ। 2012 ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 630 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਸੁਖਦੇਵ ਸਿੰਘ 4484 ਵੋਟਾਂ ਹੀ ਹਾਸਲ ਕਰ ਸਕਿਆ ਸੀ। 2017 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਨੇ 57776 ਵੋਟਾਂ, ਗੁਰਪ੍ਰੀਤ ਸਿੰਘ ਲਾਪਰਾਂ ਨੇ 36280, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਈਸ਼ਰ ਸਿੰਘ ਮਿਹਰਵਾਨ ਨੇ 33044 ਵੋਟਾਂ ਹਾਸਲ ਕੀਤੀਆਂ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੋ ਜਾਣ ਕਰ ਕੇ ਬੀ.ਐੱਸ.ਪੀ. ਦੇ ਡਾ. ਜਸਪ੍ਰੀਤ ਸਿੰਘ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਹਲਕਾ ਪਾਇਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਲੋਂ ਆਪੋ-ਆਪਣੇ ਉਮੀਦਵਾਰ ਨੂੰ ਟਿਕਟ ਦੇਣ ਲਈ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀ.ਐੱਸ.ਪੀ ਨੂੰ ਟਿਕਟ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਸੇਧਣ ਵਿਚ ਸਫਲ ਹੋਏ ਹਨ ਕਿਉਂਕਿ ਇਕ ਤਾਂ ਅਕਾਲੀ ਦਲ ਦੇ ਸਾਰੇ ਧੜੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਦਦ ਲਈ ਇਕ ਦੂਸਰੇ ਤੋਂ ਅੱਗੇ ਹੋ ਕੇ ਜ਼ੋਰ ਲਗਾਉਣਗੇ ਤੇ ਦੂਸਰਾ ਪਾਰਟੀ ਦੀ ਧੜੇਬੰਦੀ ਖ਼ਤਮ ਹੋ ਜਾਵੇਗੀ।

ਆਮ ਆਦਮੀ ਪਾਰਟੀ ਵਲੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜੋ ਪਿਛਲੇ ਇਕ ਸਾਲ ਤੋਂ ਹਲਕੇ ਪੂਰੀ ਸਰਗਰਮੀ ਦਿਖਾ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਹੁਣ ਤੋਂ ਹੀ ਚੋਣ ਜਿੱਤਣ ਲਈ ਰਣਨੀਤੀ ਅਪਣਾਈ ਜਾ ਰਹੀ ਹੈ। ਉਹ ਆਪਣੀ ਚੋਣ ਹਲਕੇ ਵਿਚ ਕੀਤੇ ਵਿਕਾਸ ਕਾਰਜਾਂ ਨੂੰ ਆਧਾਰ ਬਣਾ ਕੇ ਲੜ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.