ਪੰਜਾਬ ਨਿਊਜ਼

ਇਸ ਵਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਸਾਹਮਣੇ ਆਉਣਗੇ : ਪ੍ਰਕਾਸ਼ ਸਿੰਘ ਬਾਦਲ

Published

on

ਮੋਗਾ : 100 ਸਾਲ ਪੂਰੇ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਗਾ ਦੇ ਪਿੰਡ ਕਿੱਲੀ ਚਾਹਲ ਵਿਖੇ ਵਿਸ਼ਾਲ ਰੈਲੀ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਅਤੇ ਬਸਪਾ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮੰਚ ’ਤੇ ਪਹੁੰਚੇ।

ਇਸ ਦੌਰਾਨ ਸਰਦਾਰ ਬਾਦਲ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜਿਹੜੇ ਨਤੀਜੇ ਬਾਬੂ ਕਾਂਸ਼ੀ ਰਾਮ ਵੇਲੇ ਪਾਰਲੀਮੈਂਟ ਚੋਣਾਂ ਸਮੇਂ ਦੌਰਾਨ ਆਏ ਸਨ, ਹੁਣ ਵੀ ਉਹੀ ਸਾਹਮਣੇ ਆਉਣਗੇ। ਅਕਾਲੀ ਦਲ-ਬਸਪਾ ਗਠਜੋੜ ਪਹਿਲਾਂ ਵੀ ਇਤਿਹਾਸਕ ਜਿੱਤ ਪ੍ਰਾਪਤ ਕਰ ਚੁੱਕਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਬਣੇ ਭਾਵੇਂ ਨਾ ਬਣੇ ਪਰ ਸਿੱਖ ਕੌਮ ਨੇ ਗੁਰੂ ਧਾਮਾਂ ਦੀ ਸਾਂਭ-ਸੰਭਾਲ ਦੀ ਸੇਵਾ ਹਮੇਸ਼ਾ ਹੀ ਅਕਾਲੀ ਦਲ ਨੂੰ ਦਿੱਤੀ ਹੈ। ਅੱਜ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਜਨਤਾ ਦੀ ਕਿਸਮਤ ਅਤੇ ਭਵਿੱਖ ਦਾ ਫ਼ੈਸਲਾ ਕਰਨਗੀਆਂ। ਜਨਤਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇਕਰ ਸੱਤਾ ਵਿਚ ਜਨਤਾ ਦੀ ਸਰਕਾਰ ਬਣੇਗੀ।

ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਆਟਾ ਦਾਮ ਸਕੀਮ ਲਿਆਂਦੀ, ਗਰੀਬਾਂ ਦੇ ਪੜ੍ਹਨ ਲਈ ਚੰਗੇ ਸਕੂਲ ਦਿੱਤੇ, ਪੈਨਸ਼ਨ ਸਕੀਮ ਚਲਾਈ। ਲੋਕਾਂ ਦੇ ਹਾਲਾਤ ਦੇਖਣ ਲਈ ਉਹ ਖੁਦ ਪਿੰਡ-ਪਿੰਡ ਜਾਂਦੇ ਸਨ ਅਤੇ ਹਾਲਾਤ ਨੂੰ ਦੇਖ ਕੇ ਹੀ ਫ਼ੈਸਲਾ ਲੈਂਦੇ ਸੀ। ਇਸ ਦੇ ਨਤੀਜੇ ਵੀ ਵਧੀਆ ਨਿਕਲੇ, ਜਿਨ੍ਹਾਂ ’ਤੇ ਲੋਕਾਂ ਨੂੰ ਵੀ ਤਸੱਲੀ ਹੋਈ।

ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਇਕੱਠਿਆਂ ਚੋਣ ਲੜਨ ਦੀ ਉਨ੍ਹਾਂ ਨੂੰ ਖੁਸ਼ੀ ਹੈ ਉਹ ਪਹਿਲਾਂ ਵੀ ਬਾਬੂ ਕਾਂਸ਼ੀ ਰਾਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਚੁੱਕੇ ਹਨ ਜਿਸ ਵਿਚ ਗਠਜੋੜ ਨੇ ਇਤਿਹਾਸ ਜਿੱਤ ਹਾਸਲ ਕੀਤੀ ਸੀ।100 ਸਾਲ ਪੂਰੇ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਗਾ ਦੇ ਪਿੰਡ ਕਿੱਲੀ ਚਾਹਲ ਵਿਖੇ ਵਿਸ਼ਾਲ ਰੈਲੀ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।

 

Facebook Comments

Trending

Copyright © 2020 Ludhiana Live Media - All Rights Reserved.