ਲੁਧਿਆਣਾ : ਪੰਜਾਬ ’ਚ ਗਰਮੀ ਦਾ ਕਹਿਰ ਵਧਣ ਲੱਗਾ ਹੈ। ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ ਕਿਉਂਕਿ ਪੈ ਰਹੀ ਧੁੱਪ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਹੈ। ਦੂਜੇ ਪਾਸੇ ਸਖ਼ਤ ਗਰਮੀ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਮੰਗਲਵਾਰ ਨੂੰ ਸਮਰਾਲਾ (ਲੁਧਿਆਣਾ) ਦਾ ਤਾਪਮਾਨ 37.9 ਡਿਗਰੀ ਸੈਲਸੀਅਸ ਰਿਹਾ ਜਦਕਿ ਫ਼ਰੀਦਕੋਟ ਦਾ 37.8, ਬਰਨਾਲੇ ਦਾ 36.6 ਤੇ ਪਟਿਆਲੇ ਦਾ ਤਾਪਮਾਨ 36.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ’ਚ 14 ਅਪ੍ਰੈਲ ਤੱਕ ਮੌਸਮ ਸਾਫ਼ ਰਹੇਗਾ ਅਤੇ ਗਰਮੀ ਦਾ ਜ਼ੋਰ ਵਧੇਗਾ। ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੌਸਮ ਬਦਲਣ ਤੋਂ ਪਹਿਲਾਂ-ਪਹਿਲਾਂ ਉਹ ਕਣਕ ਦੀ ਵਾਢੀ ਦਾ ਕੰਮ ਜ਼ਰੂਰ ਨਿਪਟਾ ਲੈਣ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣ।