ਧਰਮ

ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਚੇਤੇ ਕਰਕੇ ਹੀ ਇਨਸਾਨੀ ਹੱਕ ਹਕੂਕ ਦੀ ਜੰਗ ਲੜੀ ਜਾ ਸਕਦੀ ਹੈ-ਰਾਏ ਅਜ਼ੀਜ ਉਲਾ ਖ਼ਾਨ

Published

on

ਲੁਧਿਆਣਾ :   ਦੇਸ਼ ਵੰਡ ਤੋਂ ਪਹਿਲਾਂ ਰਾਏਕੋਟ (ਲੁਧਿਆਣਾ) ਰਿਆਸਤ ਦੇ ਮਾਲਕ ਤੇ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਨੂੰ ਜਿਸ ਰਾਏ ਕੱਲ੍ਹਾ ਪਰਿਵਾਰ ਨੇ ਰਾਏਕੋਟ ਵਿਖੇ ਠਾਹਰ ਦਿੱਤੀ ਸੀ, ਉਸ ਪਰਿਵਾਰ ਦੇ ਮੌਜੂਦਾ ਵਾਰਿਸ ਰਾਏ ਅਜ਼ੀਜ਼ ਉਲਾ ਖ਼ਾਨ ਸਾਬਕਾ ਮੈਂਬਰ ਨੈਸ਼ਨਲ ਅਸੈਂਬਲੀ (ਪਾਕਿਸਤਾਨ) ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਮੌਕੇ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਵਿਸ਼ੇਸ਼ ਸੰਦੇਸ਼ ਵਿੱਚ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਾਂ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਨੂੰ ਹੱਕ ਸੱਚ ਤੇ ਇਨਸਾਫ਼ ਦੀ ਜੰਗ ਲੜਨ ਦੀ ਪ੍ਰੇਰਨਾ ਦੇਂਦੀ ਹੈ।

ਪਾਕਿਸਤਾਨ ਵਿੱਚ ਮੈਂਬਰ ਨੈਸ਼ਨਲ ਅਸੈਂਬਲੀ ਰਹੇ ਰਾਏ ਅਜ਼ੀਜ਼ ਉਲਾ ਖ਼ਾਂ ਸਾਹਿਬ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਭਾਗਾ ਸਾਲ 2004 ਸੀ ਜਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਵੇਲੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਡੇ ਪੁਰਖਿਆਂ ਨੂੰ ਬਖ਼ਸ਼ੀ ਬਖ਼ਸ਼ਿਸ਼ ਗੰਗਾ ਸਾਗਰ ਜੀ ਦੇ ਦਰਸ਼ਨਾਂ ਲਈ ਬੁਲਾਇਆ ਸੀ।

ਉਸ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਚਮਕੌਰ ਸਾਹਿਬ, ਫ਼ਤਹਿਗੜ੍ਹ ਸਾਹਿਬ ਸਰਹਿੰਦ, ਅਤੇ ਆਲਮਗੀਰ ਸਾਹਿਬ ਤੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ (ਲੁਧਿਆਣਾ) ਤੀਕ ਗੰਗਾ ਸਾਗਰ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ਸਨ। ਸੰਗਤਾਂ ਦੇ ਉਤਸ਼ਾਹ ਕਾਰਨ ਆਲਮਗੀਰ ਸਾਹਿਬ ਤੋਂ ਰਾਏਕੋਟ ਤੀਕ ਪੁੱਜਦਿਆਂ ਹੀ ਦਸ ਘੰਟੇ ਲੱਗੇ ਸਨ ਜਦ ਕਿ ਇਹ ਸਫ਼ਰ ਆਮ ਤੌਰ ਤੇ ਸਿਰਫ਼ ਇੱਕ ਘੰਟੇ ਦਾ ਹੈ। ਰਾਏ ਸਾਹਿਬ ਨੇ ਕਿਹਾ ਹੈ ਕਿ ਦਸਮੇਸ਼ ਪਿਤਾ ਜੀ ਨੇ ਸਾਡੇ ਪਰਿਵਾਰ ਤੇ ਜੋ ਸੇਵਾ ਉਪਰੰਤ ਮਿਹਰਾਂ ਬਰਸਾਈਆਂ ਉਸ ਕਾਰਨ ਅੱਜ ਵੀ ਸਾਨੂੰ ਸਮੂਹ ਪੰਜਾਬੀਆਂ ਵੱਲੋਂ ਇੱਜ਼ਤ ਅਫ਼ਜ਼ਾਈ ਤੇ ਉਸ ਦੀ ਪ੍ਰੇਰਨਾ ਅੱਗੇ ਤੋਰਦੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਹੰਦ ਦੀ ਜ਼ਾਲਮਾਨਾ ਕਾਰਵਾਈ ਨੇ ਕੇਵਲ ਸਿੱਖਾਂ ਮੁਸਲਮਾਨਾਂ ਦੀ ਆਤਮਾ ਨੂੰ ਹੀ ਜ਼ਖ਼ਮੀ ਨਹੀਂ ਸੀ ਕੀਤਾ ਸਗੋਂ ਇਨਸਾਨੀਅਤ ਨੂੰ ਵੀ ਸ਼ਰਮਸਾਰ ਕੀਤਾ।
ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਨੇ ਆਪਣਾ ਸੁਨੇਹਾ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ  ਨੂੰ ਕਿਹਾ ਕਿ ਸਾਹਿਬਦ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਿਤ ਦਿਹਾੜਿਆਂ ਵਿੱਚ ਉਨ੍ਹਾਂ ਦੀ ਭਾਵਨਾ ਪਹੁੰਚਾਈ ਜਾਵੇ ਤਾਂ ਜੋ ਮੈਂ ਵੀ ਇਸ ਮੌਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਲਾਮ ਕਰ ਸਕਾਂ।

Facebook Comments

Trending

Copyright © 2020 Ludhiana Live Media - All Rights Reserved.