ਖੇਡਾਂ

ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ‘ਚ ਤੀਜੇ ਅੰਡਰ-21 ਦੇ ਹੋਏ ਬੇਹੱਦ ਰੋਚਕ ਮੁਕਾਬਲੇ

Published

on

ਲੁਧਿਆਣਾ   ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਅੱਜ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਤੀਜੇ ਅੰਡਰ-21 ਦੇ ਬੇਹੱਦ ਰੋਚਕ ਮੁਕਾਬਲੇ ਹੋਏ। ਪੰਜਾਬ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਖੇਡ ਸਥਾਨਾਂ ‘ਤੇ ਸ਼ਿਰਕਤ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਖੇਡਾਂ ਦਾ ਮਿਆਰ ਉੱਚਾ ਚੁੱਕਣਾ ਹੈ, ਖਿਡਾਰੀਆਂ ਨੂੰ ਵੱਧ ਤੋਂ ਵੱਧ ਮੈਦਾਨਾਂ ਨਾਲ ਜੋੜਨਾ ਅਤੇ ਨਸ਼ਿਆ ਦੂਰ ਰੱਖਣਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਤੀਜੇ ਅੰਡਰ-21 ਦੇ ਬੇਹੱਦ ਰੋਚਕ ਮੁਕਾਬਲੇ ਹੋਏ ਜਿੱਥੇ ਦੇਖਣ ਆਏ ਦਰਸ਼ਕਾਂ ਵੱਲੋਂ ਆਨੰਦ ਮਾਣਿਆ ਗਿਆ ਨਾਲ ਹੀ ਖਿਡਾਰੀਆਂ ਵਿੱਚ ਵੀ ਬਹੁਤ ਉਤਸ਼ਾਹ ਦੇਖਿਆ ਗਿਆ। ਅੱਜ ਦੇ ਮੈਂਚਾਂ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਬਲਾਕ ਸੁਧਾਰ ਵਿੱਚ ਵਾਲੀਵਾਲ (ਲੜਕੇ) ਵਿੱਚ ਸ.ਸ.ਸ.ਸ. ਸੋਹੀਆ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਕਬੱਡੀ (ਲੜਕੇ) ਵਿੱਚ ਪਿੰਡ ਰਕਬਾ ਨੇ ਬਾਜੀ ਮਾਰੀ ਹੈ।

ਬਲਾਕ ਦੋਰਾਹਾ ਵਿੱਚ ਰੱਸਾ ਕੱਸੀ (ਲੜਕੇ) ਦੇ ਮੁਕਾਬਲੇ ਵਿੱਚ ਕਲਗੀਧਰ ਅਕੈਡਮੀ ਦੁੱਗਰੀ ਅੱਵਲ ਰਹੀ ਅਤੇ ਰੱਸਾ ਕੱਸੀ (ਲੜਕੀਆਂ) ਵਿੱਚ ਆਕਸਫੋਰਡ ਸਕੂਲ ਪਾਇਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ (ਲੜਕੇ) ਵਿੱਚ ਪਿੰਡ ਧਮੋਟ ਅਤੇ ਖੋ-ਖੋ ਵਿੱਚ ਗੁਰੂ ਨਾਨਕ ਸਕੂਲ ਦੋਰਾਹਾ, ਵਾਲੀਵਾਲ (ਲੜਕੀਆਂ) ਜਰਗ ਨੇ ਮੱਲ੍ਹ ਮਾਰੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਸਿੱਧਵਾਂ ਬੇਟ ਵਿੱਚ ਵਾਲੀਵਾਲ (ਲੜਕੇ) ਪਿੰਡ ਗਿੱਦੜਵਿੰਡੀ ਦੀ ਟੀਮ ਜੇਤੂ ਰਹੀ ਜਦਕਿ ਕਬੱਡੀ (ਲੜਕੇ) ਵਿੱਚ ਪਿੰਡ ਚੀਮਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਇਨ੍ਹਾਂ ਖੇਡਾਂ ਦਾ ਆਗ਼ਾਜ਼ ਕੀਤਾ ਗਿਆ ਸੀ ਜਿਸ ਤਹਿਤ ਅੱਜ ਅੰਡਰ-21 ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਦਾ ਬਣਦਾ ਮਾਣ-ਸਤਿਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਖੇਡਾਂ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲੀ ਲਈ ਵਚਨਬੱਧ ਹਨ ਅਤੇ ਖਿਡਾਰੀਆਂ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.