ਪੰਜਾਬੀ

ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦਾ ਤੀਜਾ ਦਿਨ ਰੰਗਮੰਚ ਨੂੰ ਸਮਰਪਿਤ

Published

on

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦਾ ਤੀਜਾ ਦਿਨ ਕਾਲਜ ਆਡੀਟੋਰੀਅਮ ਵਿਖੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਨਾਲ ਬਹੁਤ ਉਤਸ਼ਾਹਪੂਰਵਕ ਸ਼ੁਰੂ ਹੋਇਆ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ ਨੇ ਕਾਲਜ ਵਿਹੜੇ ਪਹੁੰਚੇ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ।

ਮੇਲੇ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰੋ. ਕਰਮਜੀਤ ਸਿੰਘ, ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਨੇ ਰਸਮੀ ਤੌਰ ‘ਤੇ ਮੇਲੇ ਦਾ ਸ਼ੁਭ ਅਰੰਭ ਕੀਤਾ । ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਕਾਲਜ ਮੇਲੇ ਵਿੱਚ ਪਹੁੰਚੇ।

ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਕੈਬਨਿਟ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ, ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਮੁੱਖ ਮਹਿਮਾਨ ਬਣ ਕਾਲਜ ਪਹੁੰਚੇ। ਸ. ਹਰਦੀਪ ਸਿੰਘ ਮੁੰਡੀਆ ਐੱਮ.ਐੱਲ.ਏ. ਸਾਹਨੇਵਾਲ, ਇੰਦਰਪਾਲ ਸਿੰਘ ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ,ਪ੍ਰੋ. ਗੁਰਭਜਨ ਗਿੱਲ ਅਤੇ ਰਾਮਗੜ੍ਹੀਆ ਐਜ਼ੂਕੇਸ਼ਨਲ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਸ. ਭੁਪਿੰਦਰ ਸਿੰਘ ਮਿਲਾਪ ਤੇ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਨੇ ਵੀ ਮੇਲੇ ਵਿੱਚ ਹਾਜ਼ਰੀ ਲੁਆਈ।

ਮੇਲੇ ਵਿੱਚ ਪਹੁੰਚੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਤੁਹਾਨੂੰ ਪੂਰੀ ਮਿਹਨਤ ਤੇ ਲਗਨ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ ,ਕਾਲਜਾਂ ਵਿਖੇ ਯੁਵਕ ਮੇਲੇ ਕਰਵਾਉਣ ਦਾ ਸਾਡਾ ਇਹੀ ਉਦੇਸ਼ ਹੈ ਕੇ ਸਾਡੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਤੇ ਸਾਹਿਤ ਪ੍ਰਤੀ ਚੇਤੰਨ ਹੋਈ ਰਹੇ, ਵਿਦਿਆਰਥੀਆਂ ਨੇ ਰੰਗਮੰਚ ਦੀ ਵਿਧਾ ਰਾਹੀਂ ਜੀਵਨ ਦੀਆਂ ਕੌੜੀਆਂ ਸੱਚੀਆਂ ਸਚਾਈਆਂ ਨੂੰ ਪੇਸ਼ ਕੀਤਾ ਹੈ ।

ਇਸ ਮੌਕੇ ਉਨ੍ਹਾਂ ਨੇ ਕਾਲਜ ਨੂੰ ਪੰਜ ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਵਿਦਿਆਰਥੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਯੁਵਕ ਮੇਲੇ ਦੇ ਤੀਜੇ ਦਿਨ ਰੰਗਮੰਚ ਨਾਲ ਸੰਬੰਧਤ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਡਰਾਮਾ , ਸਕਿੱਟ, ਮਾਇਮ, ਮਮਿੱਕਰੀ, ਭੰਡ,ਮੋਨੋਐਕਟਿੰਗ ਸ਼ਾਮਲ ਸਨ ।ਇਸ ਦੇ ਨਾਲ ਹੀ ਦੂਸਰੇ ਪਾਸੇ ਮੰਚ ‘ਤੇ ਜਨਰਲ ਕੁਇਜ਼ ਤੇ ਹੈਰੀਟੇਜ਼ ਕੁਇਜ਼ ਦੇ ਮੁਕਾਬਲੇ ਕਰਵਾਏ ਗਏ।

ਪ੍ਰਿੰਸੀਪਲ ਡਾ.ਰਾਜੇਸ਼ਵਰਪਾਲ ਕੌਰ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਜ਼ੋਨਲ ਯੁਵਕ ਮੇਲੇ ਵਿੱਚ ਅੱਜ ਵਿਦਿਆਰਥੀਆਂ ਨੇ ਰੰਗਮੰਚ ਰਾਹੀਂ ਮਨੁੱਖੀ ਜੀਵਨ ਦੀਆਂ ਵੱਖ ਵੱਖ ਘਟਨਾਵਾਂ ਨੂੰ ਬਾਕਮਾਲ ਤਰੀਕੇ ਨਾਲ ਪੇਸ਼ ਕਰਕੇ ਸਮਾਜ ਨੂੰ ਚੰਗੀ ਸੇਧ ਦੇਣ ਦਾ ਉਪਰਾਲਾ ਕੀਤਾ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਵਧਾਈ ਦੇ ਪਾਤਰ ਹਨ ,ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਪੂਰਾ ਸਾਲ ਇਸ ਯੂਥ ਫੈਸਟੀਵਲ ਨੂੰ ਉਡੀਕਦੇ ਹਨ।ਅੱਜ ਦੇ ਮੁਕਾਬਲੇ ਇਹ ਸਿੱਧ ਕਰਦੇ ਹਨ ਕਿ ਜ਼ਿੰਦਗੀ ਸੱਚ ਵਿੱਚ ਹੀ ਰੰਗਮੰਚ ਹੈ ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਕਾਲਜ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਅੰਤ ਵਿੱਚ ਮੇਲੇ ਦੇ ਤੀਜੇ ਦਿਨ ਹੋਏ ਸਾਰੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

Facebook Comments

Trending

Copyright © 2020 Ludhiana Live Media - All Rights Reserved.