ਪੰਜਾਬੀ

ਫਰਵਰੀ ’ਚ 27 ਡਿਗਰੀ ’ਤੇ ਪੁੱਜਾ ਤਾਪਮਾਨ, ਆਉਣ ਵਾਲੇ ਦਿਨਾਂ ‘ਚ ਫਿਰ ਬਦਲੇਗਾ ਮੌਸਮ

Published

on

ਲੁਧਿਆਣਾ : ਇਸ ਸਾਲ ਫਰਵਰੀ ਦੇ ਪਹਿਲੇ ਹਫਤੇ ’ਚ ਹੀ ਗਰਮੀ ਦਾ ਅਸਰ ਦਿਸਣ ਲੱਗਾ ਹੈ। ਕੁਝ ਜ਼ਿਲ੍ਹਿਆਂ ਵਿਚ ਤਾਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਤਕ ਪੁੱਜਣ ਲੱਗਾ ਹੈ। ਪਟਿਆਲਾ ਸੋਮਵਾਰ ਨੂੰ ਪੰਜਾਬ ਵਿਚ ਸਭ ਤੋਂ ਗਰਮ ਰਿਹਾ। ਇਥੇ ਵੱਧ ਤੋਂ ਵੱਧ ਤਾਪਮਾਨ 26.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਰਿਹਾ।

ਲੁਧਿਆਣਾ ਨੂੰ ਛੱਡ ਕੇ ਬਠਿੰਡਾ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਰੋਪੜ, ਮੁਹਾਲੀ ਅਤੇ ਚੰਡੀਗੜ੍ਹ ’ਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਰਿਹਾ। ਲੁਧਿਆਣਾ ਵਿਚ 16 ਸਾਲ ਪਹਿਲਾਂ 2007 ’ਚ ਵੀ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦੇ ਨੇੜੇ ਸੀ। ਆਮ ਤੌਰ ’ਤੇ ਤਾਪਮਾਨ ’ਚ ਇਸ ਤਰ੍ਹਾਂ ਦਾ ਵਾਧਾ ਫਰਵਰੀ ਦੇ ਤੀਸਰੇ ਜਾਂ ਚੌਥੇ ਹਫਤੇ ਵਿਚ ਦੇਖਣ ਨੂੰ ਮਿਲਦਾ ਹੈ।

ਪੰਜਾਬ ਵਿਚ ਪਿਛਲੇ ਲਗਪਗ ਪੰਜ ਦਿਨਾਂ ਤੋਂ ਮੌਸਮ ਸਾਫ਼ ਹੈ। ਦਿਨ ਭਰ ਧੁੱਪ ਨਿਕਲਣ ਦਾ ਅਸਰ ਤਾਪਮਾਨ ’ਤੇ ਦਿਸ ਰਿਹਾ ਹੈ। ਘੱਟੋ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਤਕ ਵੱਧ ਚੱਲ ਰਿਹਾ ਹੈ। ਵਧਦੇ ਤਾਪਮਾਨ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨ ਨੂੰ ਖ਼ਦਸ਼ਾ ਹੈ ਕਿ ਕਿਤੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਬੇਵਕਤੀ ਮੌਸਮ ਦਾ ਗਰਮ ਮਿਜ਼ਾਜ ਉਨ੍ਹਾਂ ਦੀਆਂ ਫਸਲਾਂ ਦੀ ਸਿਹਤ ਨਾ ਵਿਗਾੜ ਦੇਵੇ।

ਲੁਧਿਆਣਾ ਦੇ ਸਾਬਕਾ ਮੁੱਖ ਖੇਤੀਬਾੜੀ ਅਧਿਕਾਰੀ ਡਾ. ਸੁਖਪਾਲ ਸਿੰਘ ਕਹਿੰਦੇ ਹਨ ਕਿ ਫਰਵਰੀ ਵਿਚ ਕਣਕ ਦੀ ਫਸਲ ਲਈ ਠੰਢੇ ਮੌਸਮ ਦੀ ਲੋੜ ਹੁੰਦੀ ਹੈ। ਇਹ ਸਮਾਂ ਕਣਕ ਦੇ ਸਿੱਟੇ ਨਿਕਲਣ ਦਾ ਹੁੰਦਾ ਹੈ। ਜੇ ਠੰਢ ਹੋਵੇਗੀ ਤਾਂ ਸਿੱਟਿਆਂ ਵਿਚ ਹੌਲੀ-ਹੌਲੀ ਦਾਣਾ ਪਵੇਗਾ ਅਤੇ ਪੱਕੇਗਾ। ਦਾਣਾ ਬਣਨ ਦੀ ਪ੍ਰਕਿਰਿਆ ਜਿੰਨੀ ਲੰਬੀ ਹੋਵੇਗੀ, ਦਾਣਾ ਓਨਾ ਹੀ ਚੰਗਾ ਬਣੇਗਾ ਅਤੇ ਵਜ਼ਨ ਵੱਧ ਹੋਵੇਗਾ। ਜੇ ਗਰਮੀ ਵੱਧ ਹੋਵੇਗੀ ਤਾਂ ਉਸ ਨਾਲ ਵਿਕਾਸ ਪ੍ਰਭਾਵਿਤ ਹੋਵੇਗਾ। ਕਣਕ ਦੇ ਸਿੱਟੇ ਜਲਦ ਨਿਕਲਣਗੇ ਤੇ ਦਾਣਾ ਕਮਜ਼ੋਰ ਹੋਵੇਗਾ।

ਪਹਾੜਾਂ ’ਚ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਨਾਲ ਪੰਜਾਬ ਵਿਚ ਮੌਸਮ ਦਾ ਮਿਜ਼ਾਜ ਫਿਰ ਬਦਲੇਗਾ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਨੌਂ ਫਰਵਰੀ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿ ਸਕਦੇ ਹਨ। ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। 11 ਫਰਵਰੀ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ ਅਤੇ ਫਿਰ ਤੋਂ ਧੁੱਪ ਖਿੜੇਗੀ।

Facebook Comments

Trending

Copyright © 2020 Ludhiana Live Media - All Rights Reserved.