ਪੰਜਾਬੀ

ਕਰੋੜਾਂ ਰੁਪਏ ਸਾਲਾਨਾ ਕਾਊ ਸੈਸ ਇਕੱਤਰ ਹੋਣ ਦੇ ਬਾਵਜੂਦ ਆਵਾਰਾ ਜਾਨਵਰਾਂ ਦੀ ਸਮੱਸਿਆ ਦਾ ਨਹੀਂ ਹੋ ਰਿਹੈ ਹੱਲ

Published

on

ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਕੋਲ ਕਰੋੜਾਂ ਰੁਪਏ ਕਾਊ ਸੈਸ ਮੌਜੂਦ ਹੋਣ ਦੇ ਬਾਵਜੂਦ ਵੈਟਨਰੀ ਵਿਭਾਗ ਦੇ ਕੁੱਝ ਅਧਿਕਾਰੀਆਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਵਿਚ ਘੁੰਮਦੇ ਹਜ਼ਾਰਾਂ ਆਵਾਰਾ ਜਾਨਵਰਾਂ ਦੀ ਸਮਸਿਆ ਦਾ ਹੱਲ ਨਹੀਂ ਨਿਕਲ ਰਿਹਾ, ਆਵਾਰਾ ਜਾਨਵਰਾਂ ਕਾਰਨ ਨਿਤ ਦਿਨ ਹਾਦਸੇ ਵਾਪਰਨ ਤੋਂ ਇਲਾਵਾ ਕਈ ਵਾਰ ਬਲਦ ਆਪਸ ਵਿਚ ਲੜਦੇ ਹੋਏ ਰਾਹੀਗੀਰਾਂ ‘ਤੇ ਜਾ ਡਿੱਗਦੇ ਹਨ, ਜਿਸ ਕਾਰਨ ਕਈ ਵਿਅਕਤੀ ਮੌਤ ਦੇ ਮੂੰਹ ਵੀ ਜਾ ਪਏ ਹਨ।

ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਰਾਜ ਸਰਕਾਰ ਵਲੋਂ ਸ਼ਰਾਬ, ਸੀਮਿੰਟ, ਵਾਹਨਾਂ ਤੋਂ ਇਲਾਵਾ ਟੀ.ਐਸ. ਵਨ ਨਕਲ ਲੈਣ, ਇਮਾਰਤਾਂ ਦੇ ਨਕਸ਼ੇ ਪਾਸ ਕਰਨ ਬਦਲੇ ਕਾਊ ਸੈਸ ਵਸੂਲਿਆ ਜਾਂਦਾ ਹੈ, ਜੋ ਪਿਛਲੇ ਸਾਲ ਕਰੀਬ 18 ਕਰੋੜ ਸੀ, ਜਦਕਿ ਵਿੱਤੀ ਵਰ੍ਹੇ 2022-23 ਲਈ ਕਾਊ ਸੈਸ ਤੋਂ ਆਮਦਨ ਟੀਚਾ 20 ਕਰੋੜ ਹੈ, ਇਸਦੇ ਬਾਵਜੂਦ ਵੈਟਨਰੀ ਵਿਭਾਗ ਵਲੋਂ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮਦੇ ਹਜ਼ਾਰਾ ਆਵਾਰਾ ਜਾਨਵਰਾਂ ਨੂੰ ਗਊਸ਼ਾਲਾ ਪ੍ਰਬੰਧਕਾਂ ਨੂੰ ਸੌਂਪਣ ਵਿਚ ਅਸਫਲ ਸਾਬਿਤ ਹੋ ਰਿਹਾ ਹੈ।

ਆਵਾਰਾ ਜਾਨਵਰ ਕੂੜੇ ਦੇ ਸੈਕੰਡਰੀ ਪੁਆਇੰਟਾ ਤੋਂ ਇਲਾਵਾ ਮਾਰਕੀਟਾਂ ਅਤੇ ਰਿਹਾਇਸ਼ੀ ਕਾਲੋਨੀਆਂ ਵਿਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਜੋ ਕਈ ਵਾਰ ਅਚਾਨਕ ਵਾਹਨ ਦੇ ਸਾਹਮਣੇ ਆ ਜਾਂਦੇ ਹਨ ਅਤੇ ਹਾਦਸਾ ਵਾਪਰ ਜਾਂਦਾ ਹੈ, ਜਿਸ ਦੌਰਾਨ ਵਾਹਨ ਸਵਾਰ ਸਖ਼ਤ ਜ਼ਖਮੀ ਹੋ ਜਾਂਦੇ ਹਨ। ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਵਾਰਾ ਜਾਨਵਰਾਂ ਨੂੰ ਸ਼ਹਿਰ ਵਿਚ ਮੌਜੂਦ 2-3 ਗਊਸ਼ਾਲਾ ਵਿਚ ਸਾਂਭ ਸੰਭਾਲ ਲਈ ਭੇਜਿਆ ਜਾਂਦਾ ਹੈ, ਜਿਸ ਬਦਲੇ ਹਰ ਮਹੀਨੇ 50 ਰੁਪਏ ਪ੍ਰਤੀ ਜਾਨਵਰ ਅਦਾਇਗੀ ਵੀ ਕੀਤੀ ਜਾਂਦੀ ਹੈ ,

ਕਰੋੜਾਂ ਰੁਪਏ ਸਾਲਾਨਾ ਕਾਊ ਸੈਸ ਇਕੱਤਰ ਹੋਣ ‘ਤੇ ਸ਼ਹਿਰ ਦੀਆਂ ਸੜਕਾਂ ‘ਤੇ ਫਿਰਦੇ ਸਾਰੇ ਜਾਨਵਰ ਕਿਉਂ ਨਹੀਂ ਗਊਸ਼ਾਲਾ ਪ੍ਰਬੰਧਕਾਂ ਨੂੰ ਸੌਂਪੇ ਜਾਂਦੇ ਜਾਂ ਨਗਰ ਨਿਗਮ ਪ੍ਰਸ਼ਾਸਨ ਆਪਣੇ ਪੱਧਰ ‘ਤੇ ਆਵਾਜਾ ਜਾਨਵਰਾਂ ਲਈ ਸ਼ੈਲਟਰ ਹੋਮ/ਗਊਸ਼ਾਲਾ ਬਣਾ ਕੇ ਜਾਨਵਰਾਂ ਦੀ ਸਾਂਭ ਸੰਭਾਲ ਕਰੇ, ਜਿਸ ਨਾਲ ਹਾਦਸਿਆਂ ‘ਤੇ ਰੋਕ ਲੱਗਣ ਦੇ ਨਾਲ ਕਈ ਵਾਰ ਕੂੜੇ ਤੋਂ ਪਲਾਸਟਿਕ ਦੇ ਲਿਫ਼ਾਫੇ ਖਾਣ ਨਾਲ ਬਿਮਾਰ ਹੁੰਦੇ ਆਵਾਜਾ ਜਾਨਵਰ ਤੜਫ-ਤੜਫ ਕੇ ਮਰਨ ਤੋਂ ਬੱਚ ਜਾਣਗੇ।

ਇਸ ਸਬੰਧੀ ਸੰਪਰਕ ਕਰਨ ‘ਤੇ ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਮਾਛੀਵਾੜਾ ਨਜਦੀਕ ਪਿੰਡ ਬੁਰਜ ਪੁਆਤ ਦੀ ਸਰਕਾਰੀ ਗਾਊਸ਼ਾਲਾ ਵਿਚ ਇਕ ਨਵਾਂ ਸ਼ੈਡ ਆਵਾਰਾ ਜਾਨਵਰਾਂ ਲਈ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 99.87 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਸ਼ੈਡ ਬਣਾਉਣ ਦੀ ਇਜਾਜ਼ਤ ਸਰਕਾਰ ਵਲੋਂ ਦਿੱਤੀ ਗਈ ਹੈ, ਜਿਨ੍ਹਾਂ ਲਈ ਜਲਦ ਟੈਂਡਰ ਮੰਗੇ ਜਾਣਗੇ। ਉਨ੍ਹਾਂ ਦੱਸਿਆ ਕਿ ਇਕ ਹੋਰ ਗਊਸ਼ਾਲਾ ਪ੍ਰਬੰਧਕਾਂ ਨਾਲ ਆਵਾਰਾ ਜਾਨਵਰਾਂ ਦੀ ਸੰਭਾਲ ਲਈ ਗੱਲਬਾਤ ਚੱਲ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.