ਜਲੰਧਰ : ਜਲੰਧਰ ‘ਚ ਇਕ ਫਰਜ਼ੀ ਪੋਸਟ ਨੇ ਪੁਲਸ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਸਪੱਸ਼ਟੀਕਰਨ ਜਾਰੀ ਕਰਨਾ ਪਿਆ। ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਸੀ ਕਿ ਮਹਿਤਪੁਰ ਥਾਣੇ ‘ਚ ਵਾਲਮੀਕਿ ਸਮਾਜ ਨਾਲ ਸਬੰਧਤ ਇਕ ਨੇਤਾ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਵਾਲਮੀਕਿ ਭਾਈਚਾਰੇ ਵਿੱਚ ਗੁੱਸਾ ਫੈਲ ਗਿਆ।
ਇਹ ਮਾਮਲਾ ਇੰਨਾ ਗਰਮ ਹੋ ਗਿਆ ਕਿ ਇਸ ਸਬੰਧੀ ਥਾਣਾ ਮਹਿਤਪੁਰ ਦੇ ਐਸ.ਐਚ.ਓ. ਨੂੰ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦੇਣਾ ਪਿਆ। ਵੀਡੀਓ ‘ਚ ਐੱਸ.ਐੱਚ.ਓ ਜੈਪਾਲ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਹਿਤਪੁਰ ਥਾਣੇ ਵਿੱਚ ਵਾਲਮੀਕਿ ਸਮਾਜ ਨਾਲ ਸਬੰਧਤ ਸੀਨੀਅਰ ਆਗੂਆਂ ਦੀ ਕੁੱਟਮਾਰ ਕੀਤੀ ਗਈ ਹੈ।ਇਹ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਫਰਜ਼ੀ ਹੈ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ।