ਜਲੰਧਰ : ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ 14 ਕੁਇੰਟਲ (1400 ਕਿਲੋ) ਭੁੱਕੀ ਅਤੇ ਦੋ ਵਾਹਨਾਂ ਸਮੇਤ ਗ੍ਰਿਫ਼ਤਾਰ ਕਰਕੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇੱਕ ਮੁਖ਼ਬਰੀ ਦੇ ਆਧਾਰ ‘ਤੇ ਅੱਡਾ ਥੱਬਲਕੇ ਕੋਲ ਨਾਕਾਬੰਦੀ ਕੀਤੀ ਤਾਂ ਉਨ੍ਹਾਂ ਨੇ ਇੱਕ ਬੋਲੈਰੋ ਨੰਬਰ ਪੀ.ਬੀ.09-ਕਿਊ-4590 ਤੇਜ ਰਫ਼ਤਾਰ ਨਾਲ ਜਮਸ਼ੇਰ-ਜੰਡਿਆਲਾ ਰੋਡ ਵੱਲ ਜਾ ਰਹੀ ਨੂੰ ਦੇਖਿਆ। ਇੱਕ ਪਾਸੇ ਇਨੋਵਾ ਗੱਡੀ ਨੰਬਰ PB08-DS-3994 ਨੂੰ ਆ ਰਿਹਾ ਦੇਖਿਆ।ਉਸ ਨੇ ਦੱਸਿਆ ਕਿ ਜਦੋਂ ਬੋਲੈਰੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਜ਼ੋਰਦਾਰ ਬ੍ਰੇਕ ਮਾਰੀ, ਜਿਸ ਕਾਰਨ ਇਨੋਵਾ ਬੋਲੈਰੋ ਨਾਲ ਟਕਰਾ ਗਈ।ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਬੋਲੈਰੋ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਆਪਣੀ ਪਛਾਣ ਗੁਰਅਵਤਾਰ ਸਿੰਘ ਉਰਫ ਤਾਰੀ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਭੋਡੇ, ਤਹਿਸੀਲ ਫਿਲੌਰ, ਜਲੰਧਰ ਅਤੇ ਦੇਸ ਰਾਜ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਧਰਮ ਸਿੰਘ ਵਜੋਂ ਦੱਸੀ।
ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨੋਵਾ ਕਾਰ ਦੇ ਡਰਾਈਵਰ ਨੇ ਆਪਣੀ ਪਹਿਚਾਣ ਦਲੇਰ ਸਿੰਘ ਉਰਫ਼ ਦਲੋਰਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਧਰਮ ਸਿੰਘ ਛੰਨਾ ਨੇੜੇ ਮਹਿਤਪੁਰ ਜਲੰਧਰ ਵਜੋਂ ਦੱਸੀ ਹੈ।ਉਨ੍ਹਾਂ ਦੱਸਿਆ ਕਿ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਬੋਲੈਰੋ ਵਿੱਚ ਲੱਦਿਆ ਪਲਾਸਟਿਕ ਦੀਆਂ ਬੋਰੀਆਂ ਦੀ ਗਿਣਤੀ ਕੀਤੀ ਗਈ, ਜਿਸ ਵਿੱਚ ਕੁੱਲ 55 ਬੋਰੀਆਂ ਜਿਨ੍ਹਾਂ ਵਿੱਚ 20 ਕਿਲੋ ਭੁੱਕੀ ਬਰਾਮਦ ਹੋਈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨੋਵਾ ਕਾਰ ‘ਚੋਂ 15 ਬੋਰੀ ਭੁੱਕੀ ਬਰਾਮਦ ਕੀਤੀ ਗਈ, ਜਿਸ ‘ਚੋਂ 14 ਕੁਇੰਟਲ (1400 ਕਿਲੋ) ਭੁੱਕੀ ਬਰਾਮਦ ਹੋਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਕੱਦਮਾ ਨੰਬਰ 226 ਮਿਤੀ 15.11.2024 ਨੂੰ ਥਾਣਾ ਸਦਰ ਜਲੰਧਰ ਵਿਖੇ ਧਾਰਾ 15/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਦੋਸ਼ੀ ਗੁਰਅਵਤਾਰ ਸਿੰਘ ਉਰਫ ਤਾਰੀ, ਦੇਸ ਰਾਜ ਅਤੇ ਦਲੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।