Connect with us

ਪੰਜਾਬ ਨਿਊਜ਼

ਪੰਜਾਬ ਦੇ ਕਿਸਾਨਾਂ ਨਾਲ ਸਿੱਧਾ ਵਿਚਾਰ-ਵਟਾਂਦਰਾ ਕਰ ਕੇ ਤਿਆਰ ਹੋਵੇਗੀ ਨਵੀਂ ਖੇਤੀ ਨੀਤੀ : ਧਾਲੀਵਾਲ

Published

on

The new agricultural policy will be prepared by directly discussing with the farmers of Punjab: Dhaliwal
ਲੁਧਿਆਣਾ :  ਪੀ ਏ ਯੂ ਦੇ ਡਾ ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਸ਼ਾਮਿਲ ਹੋਏ। ਖੇਤੀਬਾੜੀ ਮੰਤਰੀ ਨਾਲ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡਾ ਇੰਦਰਜੀਤ ਸਿੰਘ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਖੇਤੀ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ। ਲਗਾਤਾਰ ਨਵੀਆਂ ਖੋਜਾਂ ਅਤੇ ਮਸੀਨਰੀ ਸਾਮ੍ਹਣੇ ਆ ਰਹੀ ਹੈ। ਪਰ ਇਹ ਖੋਜਾਂ ਅਤੇ ਕਾਢਾਂ ਵੱਡੇ ਕਿਸਾਨਾਂ ਨੂੰ ਮੱਦੇਨਜ਼ਰ ਰੱਖ ਕੇ ਵਧੇਰੇ ਹੋ ਰਹੀਆਂ ਹਨ। ਨਤੀਜਨ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਇਸ ਖੇਤਰ ਵਿਚ ਢੁਕਵਾਂ ਸਥਾਨ ਨਹੀਂ ਮਿਲ ਰਿਹਾ।
ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਪੀ ਏ ਯੂ ਵਿਚ ਹੋਣ ਵਾਲੀ ਪਹਿਲੀ ਸਰਕਾਰ ਕਿਸਾਨ ਮਿਲਣੀ ਦੌਰਾਨ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮੱਦੇਨਜ਼ਰ ਰੱਖ ਕੇ ਸਲਾਹਾਂ ਮਸ਼ਵਰੇ ਕੀਤੇ ਜਾਣਗੇ। ਬਲਕਿ ਛੋਟੇ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਨੀਤੀ ਦੇ ਨਿਰਧਾਰਣ ਵਿਚ ਇਸ ਮਿਲਣੀ ਦੀ ਅਹਿਮ ਭੂਮਿਕਾ ਰਹੇਗੀ। ਇਸ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਰਾਵਾਂ ਅਨੁਸਾਰ ਆਉਣ ਵਾਲੇ ਸਮੇਂ ਲਈ ਸੁਚਾਰੂ ਖੇਤੀ ਨੀਤੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ ਧਾਲੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਵਾਤਾਵਰਨ ਤੇ ਭੁਗੌਲਿਕਤਾ ਦੇ ਹਿਸਾਬ ਨਾਲ ਖੇਤੀਬਾੜੀ ਦੀ ਵਿਉਂਤ ਤਿਆਰ ਕਰਨ ਦੀ ਲੋੜ ਹੈ। ਖੇਤੀ ਵਿਚ ਵਿਭਿੰਨਤਾ, ਖੇਤੀ ਸਹਾਇਕ ਕਿੱਤਿਆਂ ਉੱਪਰ ਜ਼ੋਰ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਹਰ ਸੰਭਵ ਯਤਨ ਕਰਨਾ ਇਸ ਮਿਲਣੀ ਦੀ ਪਹਿਲਕਦਮੀ ਰਹੇਗੀ। ਉਨ੍ਹਾਂ ਸਭ ਨੂੰ ਸੱਦਾ ਦਿੱਤਾ ਕਿ ਇਸ ਮਿਲਣੀ ਨੂੰ ਸਫਲ ਬਣਾਉਣ ਦੇ ਸਾਰੇ ਯਤਨ ਕੀਤੇ ਜਾਣ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਖੇਤੀਬਾੜੀ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇਸ ਮਿਲਣੀ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਕਿਸਾਨਾਂ ਨਾਲ ਬਹੁਤ ਨੇੜਲਾ ਰਿਸ਼ਤਾ ਹੈ ਤੇ ਕਿਸਾਨਾਂ ਨੂੰ ਵੀ ਇਸ ਮਿਲਣੀ ਤੋਂ ਬਹੁਤ ਆਸਾਂ ਹਨ। ਡਾ  ਗੋਸਲ ਨੇ ਇਸ ਦੌਰਾਨ ਮਾਹਿਰਾਂ ਵਲੋਂ ਕਿਸਾਨਾਂ ਦੀ ਅਗਵਾਈ ਲਈ ਲਾਏ ਜਾਣ ਵਾਲੇ ਸਟਾਲਾਂ ਬਾਰੇ ਵੀ ਦੱਸਿਆ।
ਉਨ੍ਹਾਂ ਕਿਹਾ ਕਿ ਮੁੱਖ ਫ਼ਸਲਾਂ, ਸਹਾਇਕ ਕਿੱਤਿਆਂ, ਮੁੱਲ ਵਾਧੇ, ਪ੍ਰੋਸੈਸਿੰਗ, ਖੇਤੀ ਮਸ਼ੀਨਰੀ ਆਦਿ ਬਾਰੇ 20 ਦੇ ਆਸਪਾਸ ਸਟਾਲ ਲਾਏ ਜਾਣਗੇ। ਇਨ੍ਹਾਂ ਸਟਾਲਾਂ ਵਿਚ ਪੀ ਏ ਯੂ ਦੇ ਖੇਤੀ ਮਾਹਿਰ ਕਿਸਾਨਾਂ ਨਾਲ ਮਸ਼ਵਰੇ ਕਰਨਗੇ, ਉਨ੍ਹਾਂ ਦੇ ਸ਼ੰਕੇ ਦੂਰ ਕਰਨਗੇ ਅਤੇ ਉਨ੍ਹਾਂ ਦੀ ਸਲਾਹਾਂ ਸੁਨਣਗੇ। ਇਸ ਤਰ੍ਹਾਂ ਖੇਤੀ ਖੋਜ ਅਤੇ ਨੀਤੀਆਂ ਨੂੰ ਕਿਸਾਨਾਂ ਦੀ ਲੋੜ ਅਤੇ ਮੰਗ ਅਨੁਸਾਰ ਤਿਆਰ ਕੀਤਾ ਜਾਵੇਗਾ।
ਡਾ ਗੋਸਲ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਪੀ ਏ ਯੂ ਮਾਹਿਰਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਨਾਲ ਜੁੜ ਕੇ ਉਨ੍ਹਾਂ ਨੂੰ ਇਸ ਮਿਲਣੀ ਤੋਂ ਜਾਣੂੰ ਕਰਾਉਣ ਦੀ ਅਪੀਲ ਕੀਤੀ।
ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਸਾਨਾਂ ਨੂੰ ਵਿਕਸਿਤ ਪਸ਼ੂ ਧਨ ਦਾ ਸੁਨੇਹਾ ਮਿਲਣੀ ਦੌਰਾਨ ਦੇਣ ਦਾ ਅਹਿਦ ਕੀਤਾ। ਅੰਤ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਖੇਤੀਬਾੜੀ ਮੰਤਰੀ ਦਾ ਧੰਨਵਾਦ ਕੀਤਾ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਡਾਇਰੈਕਟਰ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਬਾਅਦ ਵਿਚ ਖੇਤੀਬਾੜੀ ਮੰਤਰੀ ਨੇ ਮੇਲਾ ਗਰਾਊਂਡ ਦਾ ਦੌਰਾ ਕਰਕੇ ਮੌਕੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ ਉੱਪਰ ਤਸੱਲੀ ਪ੍ਰਗਟਾਈ।

Facebook Comments

Trending