ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਲਿਫਟਿੰਗ ਘੁਟਾਲੇ ਮਾਮਲੇ ਵਿਚ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਸੋਮਵਾਰ ਸ਼ਾਮ ਨੂੰ ਗਿ੍ਰਫਤਾਰ ਕਰ ਲਿਆ ਸੀ। ਅੱਜ ਸਵੇਰੇ ਕਾਂਗਰਸ ਨੇ ਮੁਹਾਲੀ ਵਿਚ ਵਿਜੀਲੈਂਸ ਮੁਖੀ ਦੇ ਦਫ਼ਤਰ ਅੱਗੇ ਪ੍ਰਦਰਸਨ ਕੀਤਾ ਸੀ। ਉਸ ਸਮੇਂ ਆਸ਼ੂ ਮੋਹਾਲੀ ’ਚ ਹੀ ਸੀ ਪਰ ਵਿਜੀਲੈਂਸ ਨੇ ਉਸ ਨੂੰ ਉੱਥੇ ਗਿ੍ਰਫ਼ਤਾਰ ਨਹੀਂ ਕੀਤਾ। ਲੁਧਿਆਣਾ ਪਹੁੰਚਦਿਆਂ ਹੀ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੀ ਸੋਮਵਾਰ ਦੀ ਰਾਤ ਪੁਲਿਸ ਹਿਰਾਸਤ ਵਿਚ ਰੇੇਂਜ ਦਫ਼ਤਰ ’ਚ ਲੰਘੀ ਹੈ। ਬਾਅਦ ਦੁਪਹਿਰ ਆਸ਼ੂ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
ਇਸ ਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਦੇ ਭਰਾ ਨਰਿੰਦਰ ਕਾਲਾ, ਮੇਅਰ ਬਲਕਾਰ ਸਿੰਘ ਸਿੱਧੂ, ਸੰਨੀ ਭੱਲਾ ਤੇ ਹੋਰ ਆਗੂ ਵਿਜੀਲੈਂਸ ਰੇਂਜ ਦਫਤਰ ਪੁੱਜਣ ਲੱਗੇ ਹਨ। ਵਿਜੀਲੈਂਸ ਰੇਂਜ ਦਫਤਰ ’ਚ ਹਲਚਲ ਤੇਜ਼ ਹੋ ਗਈ ਹੈ। ਕਾਂਗਰਸੀ ਵਰਕਰਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਮੈਡੀਕਲ ਟੀਮ ਵੀ ਵਿਜੀਲੈਂਸ ਦਫਤਰ ’ਚ ਆਸ਼ੂ ਦਾ ਮੈਡੀਕਲ ਕਰ ਕੇ ਵਾਪਸ ਪਰਤ ਆਈ ਹੈ।