ਲੁਧਿਆਣਾ : ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਦੀ ਨਿਗਰਾਨੀ ਹੇਠ ਕਿਸਾਨ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਅੱਜ ਲਾਇਆ ਗਿਆ । ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਾਏ ਗਏ ਇਸ ਸਿਖਲਾਈ ਕੈਂਪ ਵਿੱਚ ਕਿਸਾਨ ਕਲੱਬ ਦੇ ਮੈਂਬਰ ਕਿਸਾਨ ਸ਼ਾਮਲ ਹੋਏ ।

ਅਪਰ ਨਿਰਦੇਸ਼ਕ ਸੰਚਾਰ ਅਤੇ ਇਸ ਸਮਾਗਮ ਦੇ ਸਹਿਯੋਗੀ ਨਿਰਦੇਸ਼ਕ ਡਾ ਤੇਜਿੰਦਰ ਸਿੰਘ ਰਿਆੜ ਨੇ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਕਿਸਾਨ ਕਲੱਬ ਨੇ ਕਿਸਾਨਾਂ ਨੂੰ ਅਗਾਂਹਵਧੂ ਖੇਤੀ ਦੀ ਸਿਖਲਾਈ ਦੇਣ ਵਿੱਚ ਭਰਵਾਂ ਯੋਗਦਾਨ ਪਾਇਆ ਹੈ ।

ਇਸ ਸਿਖਲਾਈ ਕੈਂਪ ਦੌਰਾਨ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਡਾ ਲਾਲ ਸਿੰਘ ਬਰਾੜ ,ਸੂਖਮ ਤੱਤਾਂ ਦੀ ਵਰਤੋਂ ਬਾਰੇ ਡਾ ਇੰਦਰਮੋਹਨ ਛਿੱਬਾ ਅਤੇ ਨੀਵੀਂ ਸੁਰੰਗ ਤਕਨੀਕ ਨਾਲ ਸਬਜ਼ੀਆਂ ਦੀ ਬਿਜਾਈ ਬਾਰੇ ਸ੍ਰੀ ਤਰਨਜੀਤ ਸਿੰਘ ਨੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ।