ਖੇਡਾਂ

PAU ਚ 56ਵੀਂ ਐਥਲੈਟਿਕ ਮੀਟ, ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਨੇ ਕੀਤਾ ਉਦਘਾਟਨ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਡ ਸਟੇਡੀਅਮ ਵਿੱਚ 56ਵੀਂ ਐਥਲੈਟਿਕ ਮੀਟ ਕਰਵਾਈ ਗਈ | ਇਸ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਸ਼ਾਮਿਲ ਹੋਏ | ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਸ. ਮੀਤ ਹੇਅਰ ਨੇ ਝੰਡਾ ਝੁਲਾ ਕੇ ਐਥਲੈਟਿਕ ਮੀਟ ਦਾ ਆਰੰਭ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ |

ਉਦਘਾਟਨੀ ਭਾਸ਼ਣ ਵਿੱਚ ਸ. ਮੀਤ ਹੇਅਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਉਸ ਯੂਨੀਵਰਸਿਟੀ ਦੇ ਖੇਡ ਸਮਾਰੋਹ ਦਾ ਹਿੱਸਾ ਬਣ ਰਹੇ ਹਨ ਜਿਸਨੇ ਪੰਜਾਬ ਦੀ ਖੇਤੀ ਨੂੰ ਫਰਸ਼ ਤੋਂ ਅਰਸ਼ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਜਦੋਂ ਸਾਡਾ ਦੇਸ਼ ਅਨਾਜ ਸੰਕਟ ਨਾਲ ਜੂਝ ਰਿਹਾ ਸੀ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਕਣਕ ਮੰਗਵਾ ਕੇ ਆਪਣੇ ਨਾਗਰਿਕਾਂ ਦਾ ਢਿੱਡ ਭਰ ਰਿਹਾ ਸੀ ਤਾਂ ਪੀ.ਏ.ਯੂ. ਨੇ ਉੱਨਤ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ ਅਤੇ ਪੰਜਾਬ ਦੇ ਖੇਤੀ ਖੇਤਰ ਨੂੰ ਮੋਹਰੀ ਸੂਬਾ ਬਣਾਇਆ |

ਖੇਡ ਮੰਤਰੀ ਨੇ ਕਿਹਾ ਕਿ ਖੇਤੀ ਦੇ ਨਾਲ-ਨਾਲ ਸਾਹਿਤ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਇਸ ਸੰਸਥਾ ਨੇ ਦੇਸ਼ ਨੂੰ ਭਰਪੂਰ ਯੋਗਦਾਨ ਦਿੱਤਾ | ਉਹਨਾਂ ਕਿਹਾ ਕਿ ਦੇਸ਼ ਦੀ ਹਾਕੀ ਟੀਮ ਨੂੰ ਤਿੰਨ ਓਲੰਪਿਕ ਕਪਤਾਨ ਦੇਣ ਵਾਲੀ ਇਹ ਦੇਸ਼ ਦੀ ਹੀ ਨਹੀਂ ਸ਼ਾਇਦ ਦੁਨੀਆਂ ਦੀ ਵੀ ਇਕ ਮਾਤਰ ਯੂਨੀਵਰਸਿਟੀ ਹੈ | ਸ. ਮੀਤ ਹੇਅਰ ਨੇ ਕਿਹਾ ਕਿ ਇਹਨਾਂ ਕਪਤਾਨਾਂ ਦੇ ਬੁੱਤ ਸਥਾਪਿਤ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਣ |

ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਪੀ.ਏ.ਯੂ. ਦੀ ਸਥਾਪਨਾ 1962 ਵਿੱਚ ਹੋਈ ਸੀ ਅਤੇ ਇਹ ਸੰਸਥਾਂ ਦੀ 56ਵੀਂ ਐਥਲੈਟਿਕ ਮੀਟ ਹੈ | ਉਹਨਾਂ ਖੇਡ ਮੰਤਰੀ ਲਈ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਖੇਡ ਮੰਤਰੀ ਨੂੰ ਰੋਲ ਮਾਡਲ ਮੰਨਣਾ ਚਾਹੀਦਾ ਹੈ ਜੋ ਖੇਡਾਂ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹਿਣ |

ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਤਿੰਨ ਹਾਕੀ ਕਪਤਾਨ ਓਲੰਪਿਕ ਵਿੱਚ ਦੇਸ਼ ਨੂੰ ਦਿੱਤੇ ਜਿਨ•ਾਂ ਵਿੱਚ ਸ. ਪ੍ਰਿਥੀਪਾਲ ਸਿੰਘ ਰੰਧਾਵਾ, ਸ. ਚਰਨਜੀਤ ਸਿੰਘ ਅਤੇ ਸ. ਰਮਨਦੀਪ ਸਿੰਘ ਗਰੇਵਾਲ ਸਨ | ਇਹਨਾਂ ਤਿੰਨਾਂ ਕਪਤਾਨਾਂ ਦੇ ਸਨਮਾਨ ਵਿੱਚ ਪੀ.ਏ.ਯੂ. ਵਿੱਚ ਓਲੰਪਿਕ ਮਾਰਗ ਸਥਾਪਿਤ ਕੀਤਾ ਗਿਆ ਹੈ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਕੋਲ ਠੋਸ ਖੇਡ ਬੁਨਿਆਦੀ ਢਾਂਚਾ ਹੈ ਅਤੇ ਖਿਡਾਰੀਆਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਖੇਡ ਪ੍ਰਾਪਤੀਆਂ ਕੀਤੀਆਂ ਹਨ |

ਡਾ. ਗੋਸਲ ਨੇ ਕਿਹਾ ਕਿ ਖੇਡਾਂ ਨੇ ਮਨੁੱਖ ਨੂੰ ਅਨੁਸ਼ਾਸਨ ਵਿੱਚ ਰਹਿ ਕਿ ਬਿਹਤਰ ਜੀਵਨ ਨੂੰ ਉਸਾਰਨ ਵਾਲਾ ਬਨਾਉਣਾ ਹੁੰਦਾ ਹੈ | ਅਕਾਦਮਿਕ ਜੀਵਨ ਵਿੱਚ ਵੀ ਖੇਡ ਪ੍ਰਾਪਤੀਆਂ ਸਹਾਇਕ ਸਿੱਧ ਹੁੰਦੀਆਂ ਹਨ | ਉਹਨਾਂ ਨੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਟੀਮ ਨੂੰ ਐਥਲੈਟਿਕ ਮੀਟ ਦੇ ਕਾਮਯਾਬ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੀ.ਏ.ਯੂ. ਨੇ ਆਪਣੇ ਸਾਬਕਾ ਖੇਡ ਉਸਤਾਦਾਂ ਦੇ ਯੋਗਦਾਨ ਨੂੰ ਯਾਦ ਰੱਖਿਆ ਹੈ ਇਸਲਈ ਅੱਜ ਚਾਰ ਮਹਾ ਕੋਚਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ |

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹੇ | ਉਹਨਾਂ ਕਿਹਾ ਕਿ ਖੇਤੀ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ.ਏ.ਯੂ. ਨੇ ਖੇਡ ਪ੍ਰਾਪਤੀਆਂ ਕੀਤੀਆਂ ਹਨ | ਅੰਤਰ ਵਰਸਿਟੀ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਹਾਸਲ ਕੀਤੀਆਂ ਸ਼ਾਨਦਾਰ ਜਿੱਤਾਂ ਦਾ ਵੇਰਵਾ ਦਿੰਦਿਆਂ ਨਿਰਮਲ ਜੌੜਾ ਨੇ ਕਿਹਾ ਕਿ ਇਹ ਵਿਦਿਆਰਥੀ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਹੋਣ ਦੇ ਬਾਵਜੂਦ ਖੇਡਾਂ ਦੇ ਖੇਤਰ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ |ਇਸ ਮੌਕੇ ਹਾਕੀ ਕੋਚ ਸ. ਹਰਿੰਦਰ ਸਿੰਘ ਭੁੱਲਰ, ਐਥਲੈਟਿਕਸ ਕੋਚ ਸ. ਕਿਰਪਾਲ ਸਿੰਘ ਕਾਹਲੋ (ਬਾਈ ਜੀ), ਐਥਲੈਟਿਕਸ ਕੋਚ ਸ. ਹਰਭਜਨ ਸਿੰਘ ਗਰੇਵਾਲ ਅਤੇ ਵਾਲੀਵਾਲ ਕੋਚ ਸ. ਗੁਰਚਰਨ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ |

Facebook Comments

Trending

Copyright © 2020 Ludhiana Live Media - All Rights Reserved.