ਲੁਧਿਆਣਾ : ਸਥਾਨਕ ਅਦਾਲਤ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ‘ਤੇ ਬਣ ਰਹੀ ਫਿਲਮ ਦੀ ਰਿਲੀਜ਼ ਅਤੇ ਪ੍ਰਸਾਰਣ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਵੱਲੋਂ ਰਿਲਾਈਸ ਇੰਟਰਟੇਂਨਮੈਂਟ, ਨਿਰਮਾਤਾ ਇਮਤਿਆਜ ਅਲੀ, ਅਦਾਕਾਰ ਦਿਲਜੀਤ ਦੁਸਾਂਝ, ਅਦਾਕਾਰਾ ਪਰਨਿਤੀ ਚੌਪੜਾ ਅਤੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਤੇ ਬਣੀ ਫਿਲਮ ਦਾ ਪ੍ਰਸਾਰਣ ਨਾ ਕਰਨ ਲਈ ਕਿਹਾ ਗਿਆ ਹੈ।
ਇਹ ਹੁਕਮ ਸਿਵਲ ਜੱਜ ਸੀਨੀਅਰ ਡਵੀਜ਼ਨ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਮ੍ਰਿਤਕ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਣਾਏ ਗਏ ਹਨ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ ਲਿਖਤੀ ਰੂਪ ਵਿੱਚ ਉਨ੍ਹਾਂ ਦੇ ਪਿਤਾ ਨੂੰ ਆਪਣੀ ਪੋਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਹਨ। ਇਸ ਲਈ ਉਨ੍ਹਾਂ ਨੂੰ 5 ਲੱਖ ਦੀ ਨਕਦੀ ਵੀ ਦਿੱਤੀ ਗਈ ਸੀ ਅਤੇ ਇਸ ਫਿਲਮ ਨੂੰ ਬਣਾਉਣ ਲਈ ਕੋਈ ਸਮਾਂ ਸੀਮਾ ਤਹਿ ਨਹੀਂ ਕੀਤੀ ਗਈ ਸੀ।