ਪੰਜਾਬ ਨਿਊਜ਼

ਵਿਧਾਨ ਸਭਾ ’ਚ ਜਾਣ ਵਾਲੇ ਪਹਿਲੇ ਆਈ. ਪੀ. ਐੱਸ. ਹਨ ਕੁੰਵਰ ਵਿਜੇ ਪ੍ਰਤਾਪ

Published

on

ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ’ਚ ‘ਆਪ’ ਵੱਲੋਂ ਜਿੱਤ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਅਜਿਹੇ ਵਿਧਾਇਕ ਬਣੇ ਹਨ, ਜੋ ਪਹਿਲਾਂ ਆਈ. ਪੀ. ਐੱਸ. ਅਧਿਕਾਰੀ ਵੀ ਰਹਿ ਚੁੱਕੇ ਹਨ। ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵੱਲੋਂ ਚੋਣ ਲੜਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ 1998 ਬੈਚ ਦੇ ਆਈ. ਪੀ. ਐੱਸ. ਹਨ, ਜਿਨ੍ਹਾਂ ਨੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ ਲੱਗਭਗ 28,000 ਵੋਟਾਂ ਦੇ ਫਰਕ ਨਾਲ ਹਰਾਇਆ।

ਰਾਜਨੀਤੀ ’ਚ ਕਦਮ ਰੱਖਣ ਵਾਲੇ ਕੁੰਵਰ ਵਿਜੇ ਪ੍ਰਤਾਪ ਪਹਿਲਾਂ ਕਈ ਜ਼ਿਲ੍ਹਿਆਂ ਦੇ ਪੁਲਸ ਮੁਖੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਵਿਲੱਖਣ ਕਾਰਜਸ਼ੈਲੀ ਦਾ ਹਰ ਕੋਈ ਕਾਇਲ ਰਿਹਾ ਹੈ। ਇਸ ਦੇ ਨਾਲ ਹੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਬਿਊਰੋ (ਓਕੂ) ਦੇ ਆਈ.ਜੀ. ਹੁੰਦਿਆਂ ਉਨ੍ਹਾਂ ਨੇ ਕਈ ਮਸ਼ਹੂਰ ਗੈਂਗਸਟਰਾਂ ਨੂੰ ਫੜਨ ਦੇ ਨਾਲ-ਨਾਲ 2020 ’ਚ ਲੁਧਿਆਣਾ ’ਚ ਪੰਜਾਬ ਦੀ ਸਭ ਤੋਂ ਵੱਡੀ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਵੀ ਸੁਲਝਾਇਆ।

ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਹ ਐੱਮ. ਏ. ਐੱਲ. ਐੱਲ.ਬੀ., ਐੱਮ.ਬੀ.ਏ. ਅਤੇ ਪੀਐੱਚ.ਡੀ. ਵੀ ਕੀਤੀ ਹੋਈ ਹੈ। ਇਸ ਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਨੇ ਸਾਈਬਰ ਲਾਅ, ਸੰਤ ਕਬੀਰ ਦੇ ਅਨਮੋਲ ਵਚਨ, ਐਂਟੀ ਡਿਫੈਕਸ਼ਨ ਲਾਅ, ਰਾਈਟ ਟੂ ਇਨਫਾਰਮੇਸ਼ਨ ਲਾਅ ਐਂਡ ਪ੍ਰੈਕਟਿਸ, ਯੂਨੀਵਰਸਲ ਟੀਚਿੰਗ ਆਫ ਕਬੀਰ ਆਦਿ ਕਈ ਕਿਤਾਬਾਂ ਵੀ ਲਿਖੀਆਂ ਹਨ।

ਕੋਰੋਨਾ ਕਾਲ ’ਚ ਉਨ੍ਹਾਂ ਨੇ ਹਾਈ ਕਲਾਸਾਂ ਦੇ ਵਿਦਿਆਰਥੀਆਂ ਦੀ ਗਣਿਤ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਵਰਚੁਅਲ ਕਲਾਸਾਂ ਲਗਾਉਣ ਦੇ ਨਾਲ ਲੈਕਚਰ ਵੀ ਰਿਕਾਰਡ ਕੀਤੇ, ਜਿਸ ਦਾ ਦੇਸ਼ ਭਰ ਦੇ ਵਿਦਿਆਰਥੀਆਂ ਨੇ ਫਾਇਦਾ ਲਿਆ। ਬੇਅਦਬੀ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦੇ ਮੁਖੀ ਰਹਿੰਦਿਆਂ ਉਨ੍ਹਾਂ ਨੇ ਜਾਂਚ ’ਚ ਅਹਿਮ ਭੂਮਿਕਾ ਨਿਭਾਈ ਪਰ ਜਾਂਚ ’ਚ ਸਰਕਾਰ ਦੀ ਸਿਆਸੀ ਦਖਲਅੰਦਾਜ਼ੀ ਦੇ ਚੱਲਦਿਆਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।

Facebook Comments

Trending

Copyright © 2020 Ludhiana Live Media - All Rights Reserved.