ਕਰੋਨਾਵਾਇਰਸ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ‘ਚ ਚੱਲ ਰਹੇ ਕੋਵਿਡ ਟੀਕਾਕਰਨ ਦਾ ਲਿਆ ਜਾਇਜਾ

Published

on

ਲੁਧਿਆਣਾ :   ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ  ਵਿੱਚ ਚੱਲ ਰਹੇ ਕੋਵਿਡ ਟੀਕਾਕਰਨ ਦਾ ਜਾਇਜ਼ਾ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਜਿਸ ਵਿੱਚ ਵੱਖ-ਵੱਖ ਐਨ.ਜੀ.ਓਜ਼ ਦੇ ਨੁਮਾਇੰਦਿਆ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ)-ਕਮ-ਨੋਡਲ ਅਫ਼ਸਰ ਟੀਕਾਕਰਨ ਡਾ. ਨਯਨ ਜੱਸਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨੀਸ਼ਾ ਅਤੇ ਡਾ. ਪੁਨੀਤ ਜੁਨੇਜਾ ਵੀ ਹਾਜ਼ਰ ਸਨ, ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਮਾਜ ਦੇ ਹਿੱਤ ਵਿੱਚ ਆਪਣੇ ਆਪ ਨੂੰ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।।

ਉਨ੍ਹਾਂ ਦੱਸਿਆ ਕਿ 28,03,279 (106.51%) ਲੋਕਾਂ ਨੂੰ ਪਹਿਲੀ ਡੋਜ਼ ਮਿਲ ਚੁੱਕੀ ਹੈ, ਜਦਕਿ ਸਿਰਫ 15,97,592 (60.70%) ਆਬਾਦੀ ਹੀ ਆਪਣੀ ਦੂਜੀ ਡੋਜ਼ ਲਈ ਅੱਗੇ ਆਈ ਹੈ। ਉਨ੍ਹਾਂ ਅਜਿਹੇ ਸਾਰੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੀ ਭਲਾਈ ਲਈ ਅੱਗੇ ਆਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਟੀਕਾਕਰਣ ਸਾਡੇ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਜੋ ਕੋਰੋਨਾ ਦੀ ਲਾਗ ਲੱਗਣ ਨਾਲ ਲੜਨ ਵਿੱਚ ਸਹਾਈ ਸਿੱਧ ਹੁੰਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਹੈਲਥਕੇਅਰ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਪਹਿਲਾਂ ਹੀ ਹੋਰ ਬਿਮਾਰੀਆਂ ਤੋਂ ਪੀੜਤ ਹਨ, ਉਹ ਵੀ ਬੂਸਟਰ ਸ਼ਾਟ ਲਈ ਯੋਗ ਹਨ, ਜੇਕਰ ਉਹ ਦੂਜੀ ਖੁਰਾਕ ਲੈਣ ਦੀ ਮਿਤੀ ਤੋਂ 9 ਮਹੀਨੇ ਪੂਰੇ ਕਰ ਚੁੱਕੇ ਹਨ। ਉਨ੍ਹਾਂ ਚੋਣ ਡਿਊਟੀ ‘ਤੇ ਤਾਇਨਾਤ ਸਮੂਹ ਸਰਕਾਰੀ ਸਟਾਫ਼ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ।

ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ‘ਤੇ ਤਾਇਨਾਤ ਸਟਾਫ਼ ਨੂੰ ਬੂਸਟਰ ਡੋਜ਼ ਪ੍ਰਾਪਤ ਹੋ ਸਕਦੀ ਹੈ ਭਾਵੇਂ ਉਨ੍ਹਾਂ ਨੇ ਦੂਜੀ ਖੁਰਾਕ ਤੋਂ ਬਾਅਦ 9 ਮਹੀਨੇ ਪੂਰੇ ਨਾ ਕੀਤੇ ਹੋਣ। ਉਨ੍ਹਾਂ ਕਿਹਾ ਕਿ ਹੁਣ ਅਜਿਹਾ ਸਟਾਫ਼ ਆਪਣੇ ਦੂਜੇ ਟੀਕਾਕਰਨ ਤੋਂ 90 ਦਿਨਾਂ ਬਾਅਦ ਬੂਸਟਰ ਡੋਜ਼ ਲੈ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣ ਡਿਊਟੀ ਲਈ ਤਾਇਨਾਤ ਅਧਿਆਪਕਾਂ, ਸਰਕਾਰੀ ਸਟਾਫ਼, ਬੈਂਕ ਕਰਮਚਾਰੀ, ਬੀਮਾ ਖੇਤਰ ਆਦਿ ਸਮੇਤ ਸਮੂਹ ਚੋਣ ਅਮਲੇ ਲਈ ਇੱਕ ਵਿਸ਼ੇਸ਼ ਟੀਕਾਕਰਨ ਕੈਂਪ 23 ਜਨਵਰੀ 2022 ਨੂੰ ਸਾਰੇ ਸਿਖਲਾਈ ਕੇਂਦਰਾਂ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵੇਂ ਵੈਕਸੀਨ ਉਪਲਬਧ ਹੋਣਗੀਆਂ. ਉਨ੍ਹਾਂ ਐਨ.ਜੀ.ਓਜ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਵਾਸੀਆਂ ਨੂੰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ। ਮੀਟਿੰਗ ਵਿੱਚ ਡਾ.ਐਸ.ਬੀ.ਪਾਂਧੀ ਅਤੇ ਮਨੀਤ ਦੀਵਾਨ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.