ਪਟਿਆਲਾ: ਪੰਜਾਬ ਵਿੱਚ ਬੀਤੀ ਰਾਤ ਆਏ ਤੂਫ਼ਾਨ ਨੇ ਜਿੱਥੇ ਭਾਰੀ ਨੁਕਸਾਨ ਕੀਤਾ, ਉੱਥੇ ਹੀ ਪਟਿਆਲਾ ਦੇ ਇੱਕ ਪੱਤਰਕਾਰ ਦੀ ਜਾਨ ਵੀ ਲੈ ਲਈ। ਮ੍ਰਿਤਕ ਪੱਤਰਕਾਰ ਦੀ ਪਛਾਣ ਅਵਿਨਾਸ਼ ਕੰਬੋਜ ਵਜੋਂ ਹੋਈ ਹੈ। ਅਵਿਨਾਸ਼ ਕੰਬੋਜ ਪਿਛਲੇ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਸਨ।
ਬੀਤੀ ਰਾਤ ਵੀ ਉਹ ਭਾਰੀ ਮੀਂਹ ਅਤੇ ਹਨੇਰੀ ਤੋਂ ਬਚਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਤੇਜ਼ ਹਨੇਰੀ ਕਾਰਨ ਬਿਜਲੀ ਦਾ ਖੰਭਾ ਉਸ ‘ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਅਵਿਨਾਸ਼ 3 ਬੱਚਿਆਂ ਦਾ ਪਿਤਾ ਸੀ।
ਅਵਿਨਾਸ਼ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ ਅਤੇ ਅਵਿਨਾਸ਼ ਦੇ ਦੇਹਾਂਤ ਕਾਰਨ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਬੀਤੀ ਰਾਤ ਪੰਜਾਬ ਵਿੱਚ ਤੇਜ਼ ਹਨੇਰੀ ਅਤੇ ਮੀਂਹ ਪਿਆ, ਜਿਸ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।