ਰਾਏਕੋਟ : ਸਥਾਨਕ ਸ਼ਹਿਰ ਦੇ ਤਲਵੰਡੀ ਗੇਟ ਨੇੜੇ ਰਹਿੰਦੇ ਪੰਜਾਬ ਪੁਲੀਸ ਦੇ ਹੌਲਦਾਰ ਰਾਜੀਵ ਕੁਮਾਰ ਪੁੱਤਰ ਵਿਕਰਮ ਕੁਮਾਰ ਵੱਲੋਂ ਅੱਜ ਦੁਪਹਿਰ ਵੇਲੇ ਆਪਣੀ ਸਰਵਿਸ ਗੰਨ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਜੀਵ ਕੁਮਾਰ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਕੰਮ ਕਰਦਾ ਸੀ ਅਤੇ ਇਸ ਸਮੇਂ ਜਗਰਾਉਂ ਪੁਲੀਸ ਲਾਈਨ ਵਿੱਚ ਤਾਇਨਾਤ ਸੀ।
ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਅੱਜ ਦੁਪਹਿਰ ਉਸ ਨੇ ਆਪਣੀ ਸਰਵਿਸ ਗੰਨ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਾਂਸਟੇਬਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਕਾਂਸਟੇਬਲ ਦੇ ਪਿਤਾ ਵਿਕਰਮ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।