ਪੰਜਾਬੀ

ਪੀ ਏ ਯੂ ਨੂੰ ਹਰੀ ਭਰੀ ਤੇ ਸਾਫ ਸੁਥਰੀ ਸੰਸਥਾ ਬਣਾਉਣ ਦੀ ਮੁਹਿੰਮ ਹੋਈ ਸ਼ੁਰੂ

Published

on

ਲੁਧਿਆਣਾ :  ਪੀ ਏ ਯੂ ਦੀ ਮੁਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਲਾਅਨ ਵਿਚ ਹੋਏ ਇਕ ਸਮਾਗਮ ਵਿਚ ਕਲੀਨ ਐਂਡ ਗਰੀਨ ਪੀ ਏ ਯੂ ਮੁਹਿੰਮ ਦੀ ਸ਼ੁਰੂਆਤ ਹੋਈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ ਕਮਲਾਂ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਡਾ ਗੋਸਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ 6 ਦਹਾਕਿਆਂ ਦੀ ਉਮਰ ਪੂਰੀ ਕਰ ਲਈ ਹੈ। ਏਨਾ ਸਮਾਂ ਬਦਲਾਅ ਲਈ ਕਾਫੀ ਹੁੰਦਾ ਹੈ।
 ਡਾ ਗੋਸਲ ਨੇ ਕਿਹਾ ਕਿ ਕੈਂਪਸ ਕਿਸੇ ਵੀ ਸੰਸਥਾ ਦਾ ਮੁਢਲਾ ਪ੍ਰਭਾਵ ਹੁੰਦਾ ਹੈ। ਇਸ ਸੰਸਥਾ ਦੀ ਲੈਂਡਸਕੇਪਿੰਗ ਦੀ ਵਿਉਂਤਬੰਦੀ ਬੜੀ ਦਿਲਕਸ਼ ਰਹੀ ਹੈ। ਉਸਨੂੰ ਬਹਾਲ ਕਰਨਾ ਤੇ ਹੋਰ ਬਿਹਤਰ ਬਣਾਉਣਾ ਅੱਜ ਦੀ ਭਖਵੀਂ ਲੋੜ ਹੈ। ਉਨ੍ਹਾਂ ਕਿਹਾ ਕਿ ਏਨੇ ਸੀਨੀਅਰ ਵਿਗਿਆਨੀਆਂ ਦਾ ਦੁਬਾਰਾ ਯੂਨੀਵਰਸਿਟੀ ਆਉਣਾ ਬੜੀ ਸ਼ੁੱਭ ਘੜੀ ਹੈ ਤੇ ਇਨ੍ਹਾਂ ਦੇ ਤਜਰਬੇ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਬਿਨਾਂ ਸ਼ੱਕ ਸ਼ਹਿਰ ਦੇ ਫੇਫੜਿਆਂ ਵਾਂਗ ਹੈ ਪਰ ਇਨ੍ਹਾਂ ਦੀ ਸੰਭਾਲ ਕਰਨ ਲਈ ਸਭ ਦੇ ਸਹਿਯੋਗ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਭਾਵੁਕ ਤੌਰ ਤੇ ਇਸ ਸੰਸਥਾ ਨਾਲ ਜੁੜੇ ਹਨ ਤੇ ਉਹ ਇਸਨੂੰ ਹਰੀ ਭਰੀ ਤੇ ਸਾਫ ਸੁਥਰੀ ਦੇਖਣਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਇਸ ਕਾਰਜ ਲਈ ਸਹਿਯੋਗ ਕਰਨ ਨੂੰ ਵੀ ਤਿਆਰ ਹਨ। ਡਾ ਗੋਸਲ ਨੇ ਕਿਹਾ ਕਿ ਲਾਅਨ, ਬੋਟੈਨਿਕਲ ਗਾਰਡਨ, ਰੌਕ ਗਾਰਡਨ ਆਦਿ ਸਥਾਨ ਨਵਿਆਏ ਜਾਣਗੇ। ਅੰਤ ਵਿੱਚ ਡਾ  ਗੋਸਲ ਨੇ ਸੁਨੇਹਾ ਦਿੱਤਾ ਤੇ ਕਿਹਾ ਕਿ ਆਓ ਸਾਰੇ ਰਲ ਕੇ ਉਸ ਮਹਾਨ ਸੇਵਾ ਨਾਲ ਜੁੜੀਏ।
ਇਸ ਮੌਕੇ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ ਮਨਜੀਤ ਸਿੰਘ ਕੰਗ, ਸ ਜਨਮੇਜਾ ਸਿੰਘ ਜੌਹਲ, ਸਰਜੀਤ ਸਿੰਘ ਗਿੱਲ ਅਤੇ ਸੇਵਾ ਮੁਕਤ ਹੋਏ ਵਿਗਿਆਨੀ ਵੱਡੀ ਗਿਣਤੀ ਵਿਚ ਇਕੱਤਰ ਹੋਏ। ਇਕ ਖੁੱਲ੍ਹੇ ਵਿਚਾਰ ਚਰਚਾ ਸੈਸ਼ਨ ਵਿਚ ਸਭ ਨੇ ਸੰਸਥਾ ਦੀ ਪੁਰਾਣੀ ਹਰਿਆਲੀ ਵਾਲੀ ਸ਼ਾਨ ਬਹਾਲ ਕਰਨ ਲਈ ਹਰ ਸਹਿਯੋਗ ਕਰਨ ਲਈ ਪੇਸ਼ਕਸ਼ ਕੀਤੀ ।
ਸਾਬਕਾ ਬਾਗਬਾਨੀ ਮਾਹਿਰ ਡਾ ਐੱਸ ਐੱਸ ਸੰਧੂ, ਚੰਡੀਗੜ ਦੇ ਜ਼ਿਲ੍ਹਾ ਪਸਾਰ ਮਾਹਿਰ ਡਾ ਨਵਤੇਜ ਸਿੰਘ, ਵਿਦਿਆਰਥੀ ਬਬਨਪ੍ਰੀਤ ਨੇ ਇਸ ਮੌਕੇ ਸੰਬੋਧਨ ਕੀਤਾ।
ਭਾਰਤੀ ਉਦਯੋਗ ਸੰਘ ਦੇ ਪ੍ਰਤੀਨਿਧੀ ਡਾ ਚੰਦਰਕਾਂਤ ਨੇ ਇਸ ਸੰਸਥਾ ਨੂੰ ਪਵਿੱਤਰ ਸਥਾਨ ਕਿਹਾ ਤੇ ਇਸਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਯਾਦ ਰਹੇ ਕਿ ਅੱਜ ਦਾ ਇਹ ਸਮਾਗਮ ਵੀ ਭਾਰਤੀ ਉਦਯੋਗ ਸੰਘ ਵਲੋਂ ਪ੍ਰਾਯੋਜਿਤ ਸੀ। ਇਸ ਸਮਾਗਮ ਵਿਚ ਪੀ ਏ ਯੂ ਦੇ ਮਿਲਖ ਅਧਿਕਾਰੀ ਡਾ ਆਰ ਆਈ ਐੱਸ ਗਿੱਲ ਨੇ ਸਵਾਗਤੀ ਸ਼ਬਦ ਕਹੇ। ਅੰਤ ਵਿੱਚ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਸਭ ਦਾ ਧਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.