ਇੰਡੀਆ ਨਿਊਜ਼

ਖੇਤੀ ਮਸ਼ੀਨਰੀ ਦੀ ਉਪਲੱਬਧਤਾ ਲਈ ਬਣਾਈ ਐਪ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਸਮਰਪਿਤ

Published

on

ਲੁਧਿਆਣਾ :     ਪੀ.ਏ.ਯੂ. ਨੇ ਖੇਤੀ ਮਸ਼ੀਨਰੀ ਨੂੰ ਕਿਰਾਏ ਤੇ ਲੈਣ ਅਤੇ ਕਿਰਾਏ ਤੇ ਦੇਣ ਵਾਲੇ ਕਿਸਾਨਾਂ ਦੇ ਸਹਿਯੋਗ ਲਈ ਫਾਰਮ ਮਸ਼ੀਨਰੀ ਐਪ ਦਾ ਨਿਰਮਾਣ ਕੀਤਾ ਹੈ । ਇਹ ਐਪ ਬੀਤੇ ਦਿਨੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਕਿਸਾਨਾਂ ਲਈ ਲਾਏ ਫਾਰਮ ਐਕਸਪੋ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ ਰਣਦੀਪ ਸਿੰਘ ਨਾਭਾ ਨੇ ਕਿਸਾਨਾਂ ਨੂੰ ਸਮਰਪਿਤ ਕੀਤੀ ।

ਇਸ ਮੌਕੇ ਸ੍ਰੀ ਨਾਭਾ ਨੇ ਕਿਹਾ ਕਿ ਪੀ.ਏ.ਯੂ. ਹਮੇਸ਼ਾ ਕਿਸਾਨਾਂ ਦੀ ਸਹਾਇਤਾ ਲਈ ਨਵੇਂ ਨਵੇਂ ਮਾਧਿਅਮ ਸਾਹਮਣੇ ਲਿਆਉਣ ਵਾਲੀ ਸੰਸਥਾ ਹੈ । ਉਹਨਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਖੇਤੀ ਲਈ ਮਸ਼ੀਨਰੀ ਮੁਹੱਈਆ ਕਰਾਉਣ ਵਿੱਚ ਇਹ ਐਪ ਇਤਿਹਾਸਕ ਭੂਮਿਕਾ ਨਿਭਾਵੇਗੀ । ਸ੍ਰੀ ਨਾਭਾ ਨੇ ਕਿਹਾ ਕਿ ਇਸ ਐਪ ਨੂੰ ਅਪਣਾ ਕੇ ਪੰਜਾਬ ਦੀ ਖੇਤੀ ਮਸ਼ੀਨਰੀ ਦੀ ਵਰਤੋਂ ਪੱਖੋਂ ਨਵੀਂ ਮੰਜ਼ਿਲ ਛੋਹ ਸਕੇਗੀ ਅਤੇ ਖੇਤੀ ਮਸ਼ੀਨਰੀ ਦੀ ਉਪਲੱਬਧਤਾ ਡਿਜ਼ੀਟਲ ਹੋਣ ਨਾਲ ਇਸ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦਾ ਦਾਇਰਾ ਹੋਰ ਵਧੇਗਾ ।

ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਐਪ ਦੇ ਮਹੱਤਵ ਅਤੇ ਇਸ ਦੀ ਵਰਤੋਂ ਦੇ ਤਰੀਕੇ ਸਾਂਝੇ ਕੀਤੇ । ਉਹਨਾਂ ਕਿਹਾ ਕਿ ਪੰਜਾਬ ਦੇ 65 ਪ੍ਰਤੀਸ਼ਤ ਤੋਂ ਵਧੇਰੇ ਕਿਸਾਨ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਹਨ ਇਸਲਈ ਭਾਰੀ ਮਸ਼ੀਨਰੀ ਦੀ ਖਰੀਦ ਉਹਨਾਂ ਲਈ ਔਖੀ ਹੈ । ਦੂਜੇ ਪਾਸੇ ਖੇਤੀ ਮਸ਼ੀਨਰੀ ਦੀ ਢੁੱਕਵੀਂ ਵਰਤੋਂ ਵੀ ਆਪਣੇ ਆਪ ਵਿੱਚ ਵੀ ਮੁਖ ਸਰੋਕਾਰ ਰਹਿੰਦਾ ਹੈ । ਪੀ.ਏ.ਯੂ. ਨੇ ਇਹ ਐਪ ਕਿਰਾਏ ਤੇ ਲੈਣ ਵਾਲੇ ਕਿਸਾਨਾਂ ਅਤੇ ਮਸ਼ੀਨਰੀ ਨੂੰ ਕਿਰਾਏ ਤੇ ਦੇਣ ਵਾਲੇ ਕਿਸਾਨਾਂ ਵਿਚਕਾਰ ਪੁੱਲ ਦਾ ਕੰਮ ਕਰਨ ਲਈ ਬਣਾਈ ਹੈ । ਇਹ ਐਪ ਗੂਗਲ ਪਲੇਅ ਸਟੋਰ ਤੇ ਮੌਜੂਦ ਹੈ ।

ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪੀ.ਏ.ਯੂ. ਵੱਲੋਂ ਤਿਆਰ ਸੀ ਡੀ ਵੀ ਰਿਲੀਜ਼ ਕੀਤੀ ਗਈ । ਇਹ ਸੀ ਡੀ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਆਉਂਦੇ ਪੰਜ ਸਾਲਾਂ ਦੀ ਖੇਤੀ ਦੀ ਯੋਜਨਾਬੰਦੀ ਦਾ ਮਾਰਗ ਨਿਰਧਾਰਤ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ ।

 

Facebook Comments

Trending

Copyright © 2020 Ludhiana Live Media - All Rights Reserved.