ਪੰਜਾਬ ਨਿਊਜ਼

ਪ੍ਰਸ਼ਾਸਨ ਵੱਲੋਂ ਲੁਧਿਆਣਾ ‘ਚ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਅਸ਼ਵਨੀ, ਸ਼ਬਾਨਾ, ਪੈਰਾ ਟੀਟੀ ਖਿਡਾਰੀ ਸ਼ੁਭਮ ਨੂੰ ਦਿਵਿਆਂਗ ਆਈਕਨ ਵਜੋਂ ਕੀਤਾ ਨਿਯੁਕਤ

Published

on

ਲੁਧਿਆਣਾ – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਅਸ਼ਵਨੀ ਕੁਮਾਰ, ਉਨ੍ਹਾਂ ਦੀ ਪਤਨੀ ਸ਼ਬਾਨਾ ਅਤੇ ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੂੰ ਲੁਧਿਆਣਾ ਵਿੱਚ ਦਿਵਿਆਂਗ ਵੋਟਰਾਂ ਲਈ ਜ਼ਿਲ੍ਹਾ ਆਈਕਨ ਵਜੋਂ ਨਿਯੁਕਤ ਕੀਤਾ ਹੈ।

ਉਨ੍ਹਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਵੋਟਿੰਗ ਵਾਲੇ ਦਿਨ (1 ਜੂਨ) ਨੂੰ ਦਿਵਿਆਂਗ ਵੋਟਰਾਂ ਨੂੰ ਸਬੰਧਤ ਬੂਥਾਂ ‘ਤੇ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਆਈਕਨ ਵਜੋਂ ਘੋਸ਼ਿਤ ਕੀਤਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਲੋਕਤੰਤਰੀ ਪ੍ਰਕਿਰਿਆ ਵਿੱਚ ਦਿਵਿਆਂਗ ਵੋਟਰਾਂ ਦੀ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਵੋਟ ਪਾਉਣ ਲਈ ਆਉਣ ਵਾਲੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਪੋਲਿੰਗ ਬੂਥਾਂ ‘ਤੇ ਆਉਣ-ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੋਟਿੰਗ ਵਾਲੇ ਦਿਨ ਪੋਲਿੰਗ ਬੂਥਾਂ ‘ਤੇ ਦਿਵਿਆਂਗ ਵੋਟਰਾਂ ਲਈ ਇੱਕ ਸੁਖਾਵੀਂ ਯੋਜਨਾ ਤਿਆਰ ਕਰੇਗਾ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਲਗਭਗ 16650 ਦਿਵਿਆਂਗ ਵੋਟਰ ਹਨ ਅਤੇ ਪ੍ਰਸ਼ਾਸਨ ਜ਼ਿਲ੍ਹਾ ਭਰ ਦੇ ਪੋਲਿੰਗ ਬੂਥਾਂ ‘ਤੇ ਇਨ੍ਹਾਂ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 1 ਜੂਨ ਨੂੰ ਪੋਲਿੰਗ ਵਾਲੇ ਦਿਨ ਸਾਰੇ ਬੂਥਾਂ ‘ਤੇ ਵ੍ਹੀਲ ਚੇਅਰ, ਰੈਂਪ, ਹੈਲਪਰਾਂ ਅਤੇ ਹੋਰਾਂ ਦਾ ਪ੍ਰਬੰਧ ਯਕੀਨੀ ਬਣਾਏਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸ਼ਨ ਵੱਲੋਂ ਕੀਤੇ ਇਹ ਪ੍ਰਬੰਧ ਦਿਵਿਆਂਗ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਰਦਾਨ ਸਿੱਧ ਹੋਣਗੇ।

ਆਈਕਨਜ਼ ਨੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਾਰੇ ਵੋਟਰਾਂ ਨੂੰ ਚੋਣਾਂ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਦੇਸ਼ ਦਾ ਮਾਣ ਬਣਨਾ ਚਾਹੀਦਾ ਹੈ।

Facebook Comments

Trending

Copyright © 2020 Ludhiana Live Media - All Rights Reserved.