ਪੰਜਾਬੀ

ਆਪ ਪਾਰਟੀ ਦੀ ਨਜ਼ਰ ਹੁਣ ਸੂਬੇ ਦੀਆਂ ਚਾਰ ਵੱਡੀਆਂ ਨਗਰ ਨਿਗਮਾਂ ਦੀ ਮੇਅਰ ਦੀ ਕੁਰਸੀ ‘ਤੇ

Published

on

ਲੁਧਿਆਣਾ : ਆਪ ਪਾਰਟੀ ਦੀ ਨਜ਼ਰ ਹੁਣ ਸੂਬੇ ਦੀਆਂ ਚਾਰ ਵੱਡੀਆਂ ਨਗਰ ਨਿਗਮਾਂ ਦੀ ਮੇਅਰ ਦੀ ਕੁਰਸੀ ‘ਤੇ ਹੈ। ਅਗਲੇ ਸਾਲ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਤਿੱਖੀ ਤੇ ਸਾਫ-ਸੁਥਰੀ ਛਵੀ ਵਾਲੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਪਾਰਟੀ ਚ ਸ਼ਾਮਲ ਕਰਕੇ ਉਨ੍ਹਾਂ ਨੂੰ ਚੋਣਾਂ ਲੜਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਾਂਗਰਸ, ਅਕਾਲੀ ਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਲੁਧਿਆਣਾ ਨਗਰ ਨਿਗਮ ਚ ਹਮੇਸ਼ਾ ਹੀ ਉਸ ਪਾਰਟੀ ਦਾ ਮੇਅਰ ਰਿਹਾ ਹੈ, ਜਿਸ ਦੀ ਸੂਬੇ ਚ ਸਰਕਾਰ ਹੈ। 1997 ਵਿਚ ਸੂਬੇ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਸਰਕਾਰ ਬਣੀ, ਜਿਸ ਤੋਂ ਬਾਅਦ ਸ਼ਹਿਰ ਵਿਚ ਅਕਾਲੀ ਦਲ ਦੇ ਮੇਅਰ ਅਵਿੰਦਰ ਸਿੰਘ ਗਰੇਵਾਲ ਅਕਾਲੀ ਦਲ ਦੇ ਮੇਅਰ ਬਣੇ।

2002 ਵਿਚ ਜਦੋਂ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਾਂਗਰਸ ਦੇ ਨਾਹਰ ਸਿੰਘ ਗਿੱਲ ਨੂੰ ਮੇਅਰ ਦੀ ਕੁਰਸੀ ਮਿਲੀ। 2007 ਅਤੇ 2012 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣੀ, ਜਦਕਿ ਲੁਧਿਆਣਾ ਵਿਚ ਅਕਾਲੀਆਂ ਦੇ ਹਾਕਮ ਸਿੰਘ ਗਿਆਸਪੁਰਾ ਅਤੇ ਹਰਚਰਨ ਸਿੰਘ ਗੋਹਲਬੜੀਆ ਨੂੰ ਲਗਾਤਾਰ ਦੋ ਵਾਰ ਮੇਅਰ ਦੀ ਕੁਰਸੀ ਮਿਲੀ।

2017 ਵਿਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਕਾਂਗਰਸੀ ਆਗੂ ਬਲਕਾਰ ਸਿੰਘ ਸੰਧੂ ਨੂੰ ਨਿਗਮ ਵਿਚ ਮੇਅਰ ਬਣਾਇਆ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣੀਆਂ ਹਨ। ਅਜਿਹੇ ‘ਚ ਆਮ ਆਦਮੀ ਪਾਰਟੀ ਵੀ ਪੁਰਾਣੇ ਰਿਕਾਰਡ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਵਿਧਾਇਕਾਂ ਨੇ ਹੁਣ ਵਿਧਾਨ ਸਭਾ ਚੋਣਾਂ ਦੀ ਤਰਜ਼ ‘ਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਦਾਅ ‘ਤੇ ਲਾਉਣ ਦੀ ਯੋਜਨਾ ਤਿਆਰ ਕੀਤੀ ਹੈ।

 

Facebook Comments

Trending

Copyright © 2020 Ludhiana Live Media - All Rights Reserved.