ਪੰਜਾਬੀ

ਲੁਧਿਆਣਾ ਤੋਂ ਰੋਜ਼ਾਨਾ ਨਵੀਂ ਦਿੱਲੀ ਏਅਰਪੋਰਟ ਤੱਕ ਜਾਣਗੀਆਂ ਸੁਪਰ ਲਗਜ਼ਰੀ ਬੱਸਾਂ

Published

on

ਲੁਧਿਆਣਾ : ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 15 ਜੂਨ ਤੋਂ ਨਵੀਂ ਦਿੱਲੀ ਏਅਰਪੋਰਟ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਜਾਣੀਆਂ ਸ਼ੁਰੂ ਹੋਣਗੀਆਂ, ਜਿਸ ਦਾ ਲੁਧਿਆਣਾ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ‘ਚ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਜ਼ਿਆਦਾ ਐੱਨ.ਆਰ.ਆਈ. ਤੇ ਕਾਰੋਬਾਰੀ ਲੋਕ ਰਹਿੰਦੇ ਹਨ, ਜੋ ਆਮ ਕਰਕੇ ਦਿੱਲੀ ਤੋਂ ਹਵਾਈ ਸਫ਼ਰ ਲਈ ਲੁਧਿਆਣਾ ਤੋਂ ਜਾਂਦੇ ਹਨ।

ਲੁਧਿਆਣਾ ਤੋਂ ਰੋਜ਼ਾਨਾ 2 ਲਗਜ਼ਰੀ ਬੱਸਾਂ ਦਿੱਲੀ ਏਅਰਪੋਰਟ ਤੱਕ ਚਲਾਈਆਂ ਜਾਣਗੀਆਂ। ਇਸ ਦੇ ਲਈ ਟ੍ਰਾਂਸਪੋਰਟ ਵਿਭਾਗ ਨੂੰ ਪਰਮਿਟ ਜਾਰੀ ਕਰਨ ਲਈ ਲਿਖਿਆ ਜਾ ਰਿਹਾ ਹੈ।ਇਸ ਦੇ ਨਾਲ ਹੀ ਜਲੰਧਰ, ਅੰਮ੍ਰਿਤਸਰ, ਕਪੂਰਥਲਾ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਚੱਲਣ ਵਾਲੀਆਂ ਬੱਸਾਂ ਵੀ ਲੁਧਿਆਣਾ ਬਾਈਪਾਸ ਤੋਂ ਹੋ ਕੇ ਅੱਗੇ ਜਾਇਆ ਕਰਨਗੀਆਂ, ਜਿਨ੍ਹਾਂ ਦਾ ਕਿਰਾਇਆ ਸਿਰਫ 990 ਰੁਪਏ ਰੱਖਿਆ ਗਿਆ ਹੈ।

ਇਹ ਬੱਸਾਂ ਰੋਜ਼ਾਨਾ ਲੁਧਿਆਣਾ ਦੇ ਮੁੱਖ ਬੱਸ ਅੱਡੇ ਤੋਂ ਸਵੇਰੇ 9 ਵਜੇ ਅਤੇ ਸ਼ਾਮ ਦੇ 6.20 ’ਤੇ ਚੱਲ ਕੇ 8 ਘੰਟਿਆਂ ਦੇ ਅੰਦਰ ਦਿੱਲੀ ਏਅਰਪੋਰਟ ਤੱਕ ਪੁੱਜਣਗੀਆਂ। ਇਸ ਤੋਂ ਬਾਅਦ ਰਾਤ ਤੇ ਸਵੇਰ ਦੀਆਂ ਫਲਾਈਟਾਂ ਦਾ ਇੰਤਜ਼ਾਰ ਕਰਕੇ ਵਾਪਸ ਲੁਧਿਆਣਾ ਲਈ ਚੱਲਣਗੀਆਂ। ਇਨ੍ਹਾਂ ਬੱਸਾਂ ਦੀ ਟਿਕਟ ਲਈ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਵੈੱਬਸਾਈਟ ’ਤੇ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬੱਸਾਂ ਦਾ ਸਮਾਂ ਵੀ ਵੈੱਬਸਾਈਟ ’ਤੇ ਮੁਹੱਈਆ ਹੋਵੇਗਾ।

ਦੱਸ ਦੇਈਏ ਕਿ ਸਿਰਫ ਪ੍ਰਾਈਵੇਟ ਟ੍ਰਾਂਸਪੋਰਟਰ ਹੀ ਇਸ ਰੂਟ ’ਤੇ ਬੱਸਾਂ ਚਲਾ ਰਹੇ ਸਨ ਅਤੇ ਆਪਣੀ ਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਹੇ ਸਨ। ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ’ਤੇ ਆਪਣਾ ਏਕਾਧਿਕਾਰ ਕਾਇਮ ਰੱਖਿਆ ਸੀ ਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ, ਜਦੋਂਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਗੱਡੀ ਗਿਣਤੀ ’ਚ ਪ੍ਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਸਿਰਫ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਹੀ ਇਸ ਰੂਟ ’ਤੇ ਬੱਸਾਂ ਚਲਾਉਣ ਦਾ ਅਧਿਕਾਰ ਕਿਉਂ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਇਨ੍ਹਾਂ ਰੂਟਾਂ ’ਤੇ ਬੱਸਾਂ ਕਿਉਂ ਨਹੀਂ ਚਲਾ ਰਹੀ।

Facebook Comments

Trending

Copyright © 2020 Ludhiana Live Media - All Rights Reserved.