Connect with us

ਪੰਜਾਬ ਨਿਊਜ਼

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਲਾਏ ਗੰਭੀਰ ਦੋਸ਼, BSF ਮੁੱਦੇ ਨੂੰ ਲੈ ਕੇ ਕਹੀ ਵੱਡੀ ਗੱਲ

Published

on

Sukhbir Badal lashes out at Punjab government over BSF issue

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਨੀਵਾਰ ਨੂੰ ‘ਬ੍ਰੇਕਫ਼ਾਸਟ ਵਿਦ ਬਾਦਲ’ ਸਿਰਲੇਖ ਹੇਠ ਸ਼ਹਿਰ ਵਾਸੀਆਂ ਵੱਲੋਂ ਰੱਖੇ ਗਏ ਸਵਾਲ-ਜਵਾਬ ਸੈਸ਼ਨ ‘ਚ ਹਿੱਸਾ ਲਿਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਬੀ. ਐੱਸ. ਐੱਫ. ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਗਏ।

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਹੁਣ ਜਦੋਂ ਚਾਹੇ ਬੀ. ਐੱਸ. ਐੱਫ. ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ‘ਚ ਦਾਖ਼ਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਕਿਸੇ ਨਾਲ ਖਹਿਬਾਜ਼ੀ ਹੋਵੇਗੀ ਤਾਂ ਬੀ. ਐੱਸ. ਐੱਫ. ਨੇ ਉਕਤ ਵਿਅਕਤੀ ਨੂੰ ਫੜ੍ਹ ਕੇ ਅੰਦਰ ਕਰ ਦੇਣਾ ਹੈ।

ਸੁਖਬੀਰ ਨੇ ਕਿਹਾ ਕਿ ਫਿਰ ਪੰਜਾਬ ਪੁਲਸ ਕਿਸ ਵਾਸਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਇਸ ਮਸਲੇ ਬਾਰੇ ਕੁੱਝ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸਭ ਤੋਂ ਵੱਡਾ ਪਾਪ ਕੀਤਾ ਹੈ, ਜੋ ਪੰਜਾਬ ਨੂੰ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਬਿਜਲੀ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ‘ਚ ਬਿਜਲੀ ਸੰਕਟ ਕੋਲੇ ਦੀ ਘਾਟ ਨਾਲ ਪੈਦਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਕਾਰਨ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਹਨ।

ਸੁਖਬੀਰ ਬਾਦਲ ਨੇ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਹਰ ਵਾਰ ਪੰਜਾਬੀਆਂ ਨੂੰ ਗਾਰੰਟੀ ਦਿੰਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਫ਼ੈਸਲੇ ਦਿੱਲੀ ਤੋਂ ਹੀ ਲਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ-ਇੱਕ ਪੰਜਾਬੀਆਂ ਦੀ ਆਪਣੀ ਪਾਰਟੀ ਹੈ, ਜਿਸ ਦੇ ਸਾਰੇ ਫ਼ੈਸਲੇ ਪੰਜਾਬੀਆਂ ਦੇ ਹਿੱਤਾਂ ‘ਚ ਲਏ ਜਾਂਦੇ ਹਨ। ਸੁਖਬੀਰ ਬਾਦਲ ਵੱਲੋਂ ਸ਼ਹਿਰ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ ਗਈ।

Facebook Comments

Trending