ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸਥਾਪਿਤ ਸਕੂਲ ਆਫ ਐਮੀਨੈਂਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਡਰੈੱਸ ਪ੍ਰਾਈਵੇਟ ਸਕੂਲਾਂ ਵਾਂਗ ਹੀ ਖਾਸ ਹੋਵੇਗੀ। ਸਰਕਾਰ ਵਿਦਿਆਰਥੀਆਂ ਨੂੰ ਇਹ ਡਰੈੱਸ ਮੁਫ਼ਤ ਦੇਵੇਗੀ। ਇਸ ਡਰੈੱਸ ਨੂੰ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (NIFT) ਬੈਂਗਲੁਰੂ ਨੂੰ ਸੌਂਪੀ ਗਈ ਹੈ। ਅੰਦਾਜ਼ਾ ਹੈ ਕਿ ਇਹ ਡਰੈੱਸ ਕਰੀਬ 4,000 ਰੁਪਏ ‘ਚ ਤਿਆਰ ਹੋਵੇਗੀ।
ਰਾਜ ਸਰਕਾਰ ਵੱਲੋਂ ਰਾਜ ਦੇ 23 ਜ਼ਿਲ੍ਹਿਆਂ ਵਿੱਚ ਸਕੂਲ ਆਫ਼ ਐਮੀਨੈਂਸ ਸਥਾਪਿਤ ਕੀਤੇ ਗਏ ਹਨ। ਸ਼ੁਰੂਆਤੀ ਪੜਾਅ ‘ਚ ਇਨ੍ਹਾਂ ਸਕੂਲਾਂ ‘ਚ 9ਵੀਂ ਅਤੇ 11ਵੀਂ ਜਮਾਤ ‘ਚ ਦਾਖਲਾ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਇਨ੍ਹਾਂ ਸਕੂਲਾਂ ਲਈ 10,000 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ਦੀ ਭਾਸ਼ਾ ਅਤੇ ਗਣਿਤ ‘ਤੇ ਮਜ਼ਬੂਤ ਪਕੜ ਬਣਾਉਣ ਲਈ ਰੋਬੋਟਿਕ ਲੈਬ, ਵਰਚੁਅਲ ਰਿਐਲਿਟੀ ਲੈਬ, ਲੈਂਗੂਏਜ ਲੈਬ ਸਮੇਤ ਕਈ ਸਹੂਲਤਾਂ ਸ਼ਾਮਲ ਹਨ। ਵਿਦਿਆਰਥੀਆਂ ਨੂੰ ਫ੍ਰੈਂਚ, ਚੀਨੀ, ਜਰਮਨ, ਸਪੈਨਿਸ਼ ਅਤੇ ਜਾਪਾਨੀ ਭਾਸ਼ਾਵਾਂ ਵੀ ਸਿਖਾਈਆਂ ਜਾਂਦੀਆਂ ਹਨ। 11ਵੀਂ ਜਮਾਤ ਵਿੱਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਹਿਊਮੈਨਟੀਜ਼ ਗਰੁੱਪ ਵਿੱਚ ਪੜ੍ਹਾਈ ਕੀਤੀ ਜਾਵੇਗੀ।