ਜਾਣਕਰੀ ਅਨੁਸਾਰ ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ 9ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਮੋਗਾ ਵਿੱਚ ਹੜਤਾਲੀ ਕਾਮਿਆਂ ਦਾ ਗੁੱਸਾ ਇੱਕ ਕੰਡਕਟਰ ’ਤੇ ਫੁੱਟ ਪਿਆ। ਕੰਡਕਟਰ ਪੀਆਰਟੀਸੀ ਦੇ ਫਰੀਦਕੋਟ ਡਿਪੂ ਵਿੱਚ ਕੰਮ ਕਰ ਰਿਹਾ ਹੈ, ਜੋ ਹੜਤਾਲ ਵਿੱਚ ਸ਼ਾਮਲ ਹੋਣ ਦੀ ਬਜਾਏ ਡਿਊਟੀ ਕਰ ਰਿਹਾ ਸੀ। ਜਦੋਂ ਉਹ ਬੱਸ ਲੈ ਕੇ ਮੋਗਾ ਬੱਸ ਅੱਡੇ ‘ਤੇ ਪਹੁੰਚਿਆ ਤਾਂ ਹੜਤਾਲੀ ਮੁਲਾਜ਼ਮਾਂ ਨੇ ਉਸ ਨੂੰ ਘੇਰ ਲਿਆ। ਯੂਨੀਅਨ ਨੇ ਉਸਨੂੰ ਗੱਦਾਰ ਕਿਹਾ ਅਤੇ ਉਸਦੇ ਹੱਥ ਵਿੱਚ ਚੂੜੀਆਂ ਅਤੇ ਉਸਦੇ ਸਿਰ ਉੱਤੇ ਚੁੰਨੀ ਪਾਈ।

ਇਸ ਤੋਂ ਬਾਅਦ ‘ਗੱਦਾਰ ਲੋਕ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ ਗਏ। ਹੁਣ ਮੁਲਾਜ਼ਮਾਂ ਦੇ ਵਿਰੋਧ ਦੇ ਇਸ ਢੰਗ ‘ਤੇ ਸਵਾਲ ਉੱਠ ਰਹੇ ਹਨ।

ਉੱਥੇ ਹੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਡਕਟਰ ਠੇਕੇ ‘ਤੇ ਹੈ। ਪੂਰੇ ਪੰਜਾਬ ਵਿੱਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦਾ ਕੋਈ ਕਰਮਚਾਰੀ ਕੰਮ ਨਹੀਂ ਕਰ ਰਿਹਾ। ਇਸ ਦੇ ਬਾਵਜੂਦ ਇਸ ਕੰਡਕਟਰ ਨੇ ਯੂਨੀਅਨ ਨਾਲੋਂ ਟੁੱਟ ਕੇ ਬਗਾਵਤ ਕਰ ਦਿੱਤੀ ਹੈ। ਯੂਨੀਅਨ ਸਾਰਿਆਂ ਲਈ ਲੜ ਰਹੀ ਹੈ। ਅਜਿਹੀ ਸਥਿਤੀ ਵਿੱਚ, ਸਾਰਿਆਂ ਨੂੰ ਆਪਣਾ ਸਮਰਥਨ ਦੇਣਾ ਚਾਹੀਦਾ ਹੈ। ਜੇ ਮੰਗਾਂ ਮੰਨ ਲਈਆਂ ਜਾਂਦੀਆਂ ਹਨ, ਤਾਂ ਠੇਕੇ ‘ਤੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਹੀ ਫਾਇਦਾ ਹੋਵੇਗਾ।
