ਪੰਜਾਬ ਨਿਊਜ਼

ਹੁਣ ਪਰਾਲੀ ਨਹੀਂ ਜਾਵੇਗੀ ਬੇਕਾਰ, ਇੱਟਾਂ ਹੋਣਗੀਆਂ ਤਿਆਰ,ਪਰਾਲੀ ਸਾੜਨ ਦੀ ਸਮੱਸਿਆ ਦਾ ਲੱਭਿਆ ਹੱਲ

Published

on

ਲੁਧਿਆਣਾ : ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿਚ ਰਹਿ ਗਈ ਰਹਿੰਦ-ਖੂੰਹਦ ਪੰਜਾਬ ਸਮੇਤ ਗੁਆਂਢੀ ਰਾਜਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪੰਜਾਬ ਵਿਚ ਜ਼ਿਆਦਾਤਰ ਕਿਸਾਨ ਅਗਲੀ ਫ਼ਸਲ ਬੀਜਣ ਲਈ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਇਸ ਨਾਲ ਨਾ ਸਿਰਫ ਵੱਡੇ ਪੱਧਰ ’ਤੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।

ਅਜਿਹੇ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਲੱਭ ਲਿਆ ਹੈ। ਪੀਏਯੂ ਦੇ ਨਵਿਆਉਣਯੋਗ ਊਰਜਾ ਇੰਜੀਨੀਅਰਿੰਗ ਵਿਭਾਗ ਨੇ ਚਾਰ ਸਾਲਾਂ ਦੀ ਖੋਜ ਤੋਂ ਬਾਅਦ ਪਰਾਲੀ ਤੋਂ ਇੱਟਾਂ ਤਿਆਰ ਕੀਤੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਪਰਾਲੀ ਦੀ ਸਮੱਸਿਆ ਦਾ ਵੱਡੇ ਪੱਧਰ ’ਤੇ ਹੱਲ ਹੋਵੇਗਾ ਅਤੇ ਪੇਂਡੂ ਖੇਤਰਾਂ ’ਚ ਰੁਜ਼ਗਾਰ ਦੇ ਸਾਧਨ ਵੀ ਵਿਕਸਤ ਹੋਣਗੇ।

ਖੋਜਕਾਰ ਪ੍ਰੋਫੈਸਰ ਡਾ. ਰਿਤੂ ਡੋਗਰਾ ਦਾ ਕਹਿਣਾ ਹੈ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਵਿਸ਼ੇਸ਼ ਪ੍ਰੋਜੈਕਟ ਤਹਿਤ ਚਾਰ ਸਾਲਾਂ ਦੀ ਖੋਜ ਤੋਂ ਬਾਅਦ ਪਰਾਲੀ ਤੋਂ ਇੱਟਾਂ ਤਿਆਰ ਕੀਤੀਆਂ ਹਨ। ਇਸ ਵਿਚ ਹੋਰ ਕੁਝ ਨਹੀਂ ਵਰਤਿਆ ਗਿਆ ਹੈ। ਇਹ ਵੀ ਦੇਖਿਆ ਕਿ ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਲਗਪਗ ਇਕ ਸਾਲ ਤਕ ਵੱਖ-ਵੱਖ ਉਦਯੋਗਾਂ ਵਿਚ ਪ੍ਰਯੋਗ ਕੀਤੇ। ਅਸੀਂ ਦੇਖਿਆ ਕਿ ਇੱਟ ਦਾ ਕੈਲੋਰੀਫਿਕ ਮੁੱਲ ਲੱਕੜ ਦੇ ਬਰਾਬਰ ਹੈ। ਇਸ ਕਾਰਨ ਇਸ ਨੂੰ ਲੱਕੜ ਦੀ ਜਗ੍ਹਾ ਸਾੜਿਆ ਜਾ ਸਕਦਾ ਹੈ। ਇਸ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ। ਉਦਯੋਗਿਕ ਇਕਾਈਆਂ ਵਿਚ ਜਿੱਥੇ ਲੱਕੜ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ, ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਡਾ. ਡੋਗਰਾ ਦਾ ਕਹਿਣਾ ਹੈ ਕਿ ਪਰਾਲੀ ਤੋਂ ਇੱਟਾਂ ਬਣਾਉਣ ਲਈ ਯੂਨਿਟ ਦੀ ਲਾਗਤ ਲਗਪਗ 25 ਲੱਖ ਰੁਪਏ ਆਉਂਦੀ ਹੈ। ਯੂਨਿਟ ਸਥਾਪਤ ਕਰਨ ਲਈ ਲਗਪਗ 100 ਵਰਗ ਮੀਟਰ ਜਗ੍ਹਾ ਦੀ ਲੋੜ ਹੈ। ਇਸ ਦੀ ਸਥਾਪਨਾ ਤੋਂ ਬਾਅਦ ਪਰਾਲੀ ਨੂੰ ਛੋਟੇ ਹਿੱਸਿਆਂ ਵਿਚ ਕੁਚਲ ਕੇ ਅਤੇ ਸੰਕੁਚਿਤ ਕਰਕੇ ਇੱਟਾਂ ਬਣਾਈਆਂ ਜਾਂਦੀਆਂ ਹਨ। ਇਹ ਮਸ਼ੀਨ ਇਕ ਘੰਟੇ ਵਿੱਚ ਪੰਜ ਕੁਇੰਟਲ ਇੱਟਾਂ ਤਿਆਰ ਕਰ ਸਕਦੀ ਹੈ।

ਇੱਕ ਕੁਇੰਟਲ ਪਰਾਲੀ ਤੋਂ ਲਗਪਗ 95 ਕਿਲੋ ਇੱਟਾਂ ਬਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਹੈ। ਇਕ ਇੱਟ ਦਾ ਭਾਰ ਲਗਪਗ ਇਕ ਕਿਲੋ ਹੈ। ਯਾਨੀ ਇਕ ਇੱਟ ਦੀ ਕੀਮਤ ਪੰਜ ਰੁਪਏ ਹੈ। ਇਸ ਵੇਲੇ ਯੂਨੀਵਰਸਿਟੀ ਮੈਨੇਜਮੈਂਟ ਵੀ ਇਹ ਇੱਟਾਂ ਉਦਯੋਗਾਂ ਨੂੰ ਵੇਚ ਰਹੀ ਹੈ। ਸਹਿਕਾਰੀ ਸਭਾਵਾਂ ਇੱਟਾਂ ਬਣਾ ਕੇ ਬਾਇਲਰ, ਭੱਠੀ, ਰੰਗਾਈ ਉਦਯੋਗ ਨੂੰ ਵੇਚ ਕੇ ਮੁਨਾਫਾ ਕਮਾ ਸਕਦੀਆਂ ਹਨ।

 

Facebook Comments

Trending

Copyright © 2020 Ludhiana Live Media - All Rights Reserved.