ਪੰਜਾਬੀ
ਸਟੇਟ ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਤੋਂ ਤਲਬ ਕੀਤਾ ਰਿਕਾਰਡ
Published
3 years agoon
ਲੁਧਿਆਣਾ : ਸਟੇਟ ਵਿਜੀਲੈਂਸ ਵਲੋਂ ਨਗਰ ਸੁਧਾਰ ਟਰੱਸਟ ਤੋਂ ਭਾਈ ਰਣਧੀਰ ਸਿੰਘ ਨਗਰ ਵਿਚ ਓਰੀਐਂਟ ਸਿਨੇਮਾ ਦੀ ਅਲਾਟ ਕੀਤੀ ਜ਼ਮੀਨ ਤੇ ਚੱਲ ਰਹੀ ਉਸਾਰੀ ਸਬੰਧੀ ਰਿਕਾਰਡ ਤਲਬ ਕੀਤਾ ਹੈ। ਨਗਰ ਸੁਧਾਰ ਟਰੱਸਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ 2020 ‘ਚ ਓਰੀਐਂਟ ਸਿਨੇਮਾ ਵਾਲੀ ਜ਼ਮੀਨ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਕਰਨ ਦੌਰਾਨ ਬੇਨਿਯਮੀਆਂ ਹੋਣ ਦੀ ਸ਼ਿਕਾਇਤ ਇਕ ਵਿਅਕਤੀ ਨੇ ਕੀਤੀ।
ਨਗਰ ਸੁਧਾਰ ਟਰੱਸਟ ਦੀ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੇ ਦੱਸਿਆ ਕਿ ਸਟੇਟ ਵਿਜੀਲੈਂਸ ਵਿਭਾਗ ਤੋਂ ਇਕ ਪੱਤਰ ਆਇਆ ਹੈ, ਜਿਸ ‘ਚ ਜੋ ਰਿਕਾਰਡ ਮੰਗਿਆ ਗਿਆ ਹੈ, ਆਉਂਦੇ ਕੁੱਝ ਦਿਨਾਂ ‘ਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕੁੱਝ ਸ਼ਿਕਾਇਤਾਂ ਆਈਆਂ ਸਨ, ਜਿਸਦਾ ਰਿਕਾਰਡ ਵੀ ਵਿਜੀਲੈਂਸ ਵਿਭਾਗ ਨੂੰ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਓਰੀਐਂਟ ਸਿਨੇਮਾ ਲਈ ਜਗ੍ਹਾ ਅਲਾਟ ਕੀਤੀ ਗਈ ਸੀ, ਪਰ ਕੁੱਝ ਕਾਰਨਾਂ ਕਰਕੇ ਸਿਨੇਮਾ ਬੰਦ ਹੋ ਗਿਆ।
ਇਸ ਤੋਂ ਬਾਅਦ ਜ਼ਮੀਨ ਦੇ ਮਾਲਕ ਵਲੋਂ ਬਕਾਇਆ ਰਕਮ ਜਮ੍ਹਾ ਕਰਾਉਣ ਦੀ ਅਰਜੀ ਦਿੱਤੀ ਗਈ ਸੀ, ਪਰ ਕੁੱਝ ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਨਿਯਮਾਂ ਅਨੁਸਾਰ ਜੁਰਮਾਨਾ ਵਿਆਜ ਨਹੀਂ ਵਸੂਲਿਆ ਗਿਆ। ਹੁਣ ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਸਟੇਟ ਵਿਜੀਲੈਂਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਸਾਬਕਾ ਚੇਅਰਮੈਨ ਰਮਨਬਾਲਾ ਸੁਭਰਾਮਨੀਅਮ ਵਲੋਂ ਆਪਣੇ ਕਾਰਜਕਾਲ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਨਿਯਮਾਂ ਅਨੁਸਾਰ ਲੋੜੀਂਦੀ ਰਕਮ ਲੈ ਕੇ ਜ਼ਮੀਨ ਦੀ ਰਜਿਸਟਰੀ ਕੀਤੀ ਗਈ ਸੀ।
