Connect with us

ਪੰਜਾਬ ਨਿਊਜ਼

ਸਿੱਖਿਆ ਪ੍ਰਣਾਲੀ ‘ਚ ਲੋੜੀਂਦੀ ਤਬਦੀਲੀ ਲਈ ਵਿਸ਼ੇਸ਼ ਰੋਡਮੈਪ ਤਿਆਰ ਕੀਤਾ ਜਾ ਰਿਹਾ – ਪਰਗਟ ਸਿੰਘ

Published

on

Special roadmap being prepared for necessary changes in education system - Pargat Singh

ਲੁਧਿਆਣਾ :  ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲੇੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਲੋੜੀਂਦੀ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਸਤ੍ਰਿਤ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ, ਜੋ ਅਗਲੇ 60 ਦਿਨਾਂ ਦੇ ਅੰਦਰ ਲਾਗੂ ਹੋ ਜਾਵੇਗਾ।

ਸਿੱਧਵਾਂ ਖੁਰਦ ਵਿਖੇ ਸਿੱਧਵਾਂ ਗਰੁੱਪ ਆਫ਼ ਇੰਸਟੀਟਿਉਸ਼ਨਜ਼ ਦੇ ਸਥਾਪਨਾ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਪਰਗਟ ਸਿੰਘ ਨੇ ਕਿਹਾ ਕਿ ਸਕੂਲ ਅਤੇ ਕਾਲਜ ਪੱਧਰ ‘ਤੇ ਸਿੱਖਿਆ ਮਾਹਿਰਾਂ, ਸਿੱਖਿਆ ਸ਼ਾਸਤਰੀਆਂ, ਸਾਬਕਾ ਅਤੇ ਮੌਜੂਦਾ ਉਪ-ਕੁਲਪਤੀਆਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਸਾਂਝੀ ਕਮੇਟੀ ਪਹਿਲਾਂ ਹੀ ਗਠਿਤ ਕੀਤੀ ਜਾ ਚੁੱਕੀ ਹੈ ਅਤੇ ਕਮੇਟੀ ਦੇ ਸੁਝਾਵਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਲਿਆ ਕੇ ਸਮੇਂ ਦੀ ਲੋੜ ਅਨੁਸਾਰ ਅੱਗੇ ਵੱਧਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਮੌਜੂਦਾ ਪ੍ਰਣਾਲੀ ਵਿੱਚ ਲੋੜੀਂਦੀ ਤਬਦੀਲੀ ਇੱਕ ਯੋਜਨਾਬੱਧ ਤਰੀਕੇ ਨਾਲ ਅਮਲ ਵਿੱਚ ਲਿਆਂਦੀ ਜਾਵੇਗੀ। ਮੰਤਰੀ ਨੇ ਪੰਜਾਬੀ ਪ੍ਰਵਾਸੀਆਂ ਨੂੰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰਾਜ ਸਰਕਾਰ ਨਾਲ ਹੱਥ ਮਿਲਾਉਣ ਦਾ ਸੱਦਾ ਦਿੱਤਾ ਤਾਂ ਜੋ ਸਾਡੇ ਵਿਦਿਆਰਥੀ ਭਵਿੱਖ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਸਕਣ।

ਸੰਸਥਾਨਾਂ ਦੀ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਪਰਗਟ ਸਿੰਘ ਨੇ ਕਿਹਾ ਕਿ ਸੰਸਥਾਵਾਂ ਦੇ ਸੰਸਥਾਪਕ ਮਹਿਲਾਵਾਂ ਦੀ ਸਿੱਖਿਆ ਦੀ ਮਸ਼ਾਲ ਹਨ ਅਤੇ ਪੰਜਾਬ ਸਰਕਾਰ ਨਾਰੀ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਦੇ ਉਨ੍ਹਾਂ ਦੇ ਠੋਸ ਯਤਨਾਂ ਨੂੰ ਸਵੀਕਾਰ ਕਰਦੀ ਹੈ। ਉਨ੍ਹਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਕਾਲਜ਼ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਬਾਅਦ ਵਿੱਚ, ਉਨ੍ਹਾਂ ਸਮਾਗਮ ਦੌਰਾਨ ਵਿਦਿਆਰਥੀਆਂ ਵਿੱਚ ਵਜ਼ੀਫੇ ਵੀ ਵੰਡੇ। ਇਸ ਤੋਂ ਪਹਿਲਾਂ ਮੰਤਰੀ ਨੇ ਜਗਰਾਉਂ ਪੁਲਿਸ ਵੱਲੋਂ ਗਾਰਡ ਆਫ਼ ਆਨਰ ਤੋਂ ਸਲਾਮੀ ਵੀ ਲਈ। ਇਸ ਮੌਕੇ ਆਈ.ਜੀ.ਪੀ. ਲੁਧਿਆਣਾ ਰੇਂਜ ਐਸ.ਪੀ.ਐਸ. ਪਰਮਾਰ, ਲੁਧਿਆਣਾ ਦਿਹਾਤੀ ਐਸ.ਐਸ.ਪੀ. ਆਰ.ਐਸ.ਸੰਧੂ, ਸਾਬਕਾ ਆਈ.ਆਰ.ਐਸ. ਅਧਿਕਾਰੀ ਐਲ.ਆਰ. ਨਈਅਰ, ਬੀਰਇੰਦਰ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।

Facebook Comments

Trending