ਖੇਤੀਬਾੜੀ

 ਵਿਦਿਆਰਥੀਆਂ ਅਤੇ ਅਧਿਕਾਰੀਆਂ ਵਲੋਂ ਝੋਨੇ ਦੀ ਪਰਾਲੀ ਸਬੰਧੀ ਵਿਸ਼ੇਸ ਮੁਹਿੰਮ ਅਤੇ ਰੈਲੀ 

Published

on

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਸਥਿਤ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਅਤੇ ਕੇ ਵੀ ਕੇ ਖੇੜੀ ਵਲੋਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਂ ਗੁਰਮੀਤ ਸਿੰਘ ਬੁੱਟਰ ਦੀ ਅਗਵਾਈ ਵਿੱਚ ਭੇਜੀ ਪੀ ਏ ਯੂ ਦੇ ਖੇਤੀਬਾੜੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਦੀ ਟੀਮ ਦੇ ਸਹਿਯੋਗ ਨਾਲ ਪਿੰਡ ਸ਼ੇਰੋ, ਮਾਡਲ ਟਾਉਨ -1 ਅਤੇ ਮਾਡਲ ਟਾਉਨ-2 ਸ਼ੇਰੋ ਵਿਖੇ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਕਿਸਾਨ ਗੋਸ਼ਟੀ, ਦਰਵਾਜੇ ਤੋਂ ਦਰਵਾਜੇ ਮੁਹਿੰਮ ਅਤੇ ਰੈਲੀ ਦਾ ਆਯੋਜਿਨ ਕੀਤਾ ਗਿਆ।
ਇਸ ਮੁਹਿੰਮ ਵਿੱਚ ਪੰਨਸੀਡ ਦੇ ਨਵ-ਨਿਯੁਕਤ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਵਿਦਿਆਰਥੀਆਂ ਦੁਆਰਾ ਸਾਂਝੀਆਂ ਕੀਤੀਆਂ ਪੀ ਏ ਯੂ ਦੀਆਂ ਪਰਾਲੀ ਦੀ ਸੰਭਾਲ ਸਬੰਧੀ ਸਿਫਾਰਿਸ਼ਾਂ ਅਤੇ ਉੱਚਤਮ ਵਿਕਸਿਤ ਕੀਤੀ ਮਸ਼ੀਨਰੀ ਅਪਣਾਉਣ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਜਿਥੇ ਖੇਤ ਵਿੱਚ ਪਰਾਲੀ ਦਬਾਉਣ ਨਾਲ ਵਾਤਾਵਰਨ ਦਾ ਸੁਧਾਰ ਹੁੰਦਾ ਹੈ, ਉਥੇ ਜਮੀਨ ਦੀ ਉਪਜਾਉ ਸ਼ਕਤੀ ਵੱਧਣ ਨਾਲ ਫਸਲਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਉਹਨਾਂ ਵਿਦਿਆਰਥੀਆਂ ਤੇ ਪੀ ਏ ਯੂ ਦੇ ਅਧਿਕਾਰੀਆਂ ਦੀ ਇਸ ਪ੍ਰਤੀ ਸ਼ਲਾਘਾ ਕੀਤੀ। ਡਾਂ ਬੂਟਾ ਸਿੰਘ ਰੋਮਾਣਾ ਤੇ ਡਾਂ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਫਾਇਦੇ ਅਤੇ ਇਸ ਦੇ ਲੰਮਾ ਸਮਾਂ ਸੰਭਾਲਣ ਨਾਲ ਜਮੀਨ ਵਿੱਚ ਮੱਲੜ ਵੱਧਣ ਨਾਲ ਹੋਣ ਵਾਲੇ ਫਾਏਦਿਆਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਪੀ ਏ ਯੂ ਵਲੋਂ ਵਿਕਸਿਤ ਕੀਤੀਆਂ ਪਰਾਲੀ ਦੀ ਸੰਭਾਲ ਸਬੰਧੀ ਤਕਨੀਕਾਂ ਤੇ ਮਸ਼ੀਨਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਮਾਰਟ ਸੀਡਰ ਦੀਆਂ ਵਿਸ਼ੇਸਤਾਈਆਂ ਦੱਸੀਆਂ।
ਉਹਨਾਂ ਕਿਸਾਨਾਂ ਨਾਲ ਹਾੜੀ ਦੀਆਂ ਫਸਲਾਂ ਦੀ ਵਿਉਂਤਬੰਦੀ, ਕਿਸਮਾਂ ਅਤੇ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਬਸਿਡੀ ਦੇ ਢੰਗ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਡਾਂ ਫਤਿਹਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਅਤੇ ਅਧਿਕਾਰੀਆਂ ਵਲੋਂ ਕਿਸਾਨਾਂ ਦੇ ਸਹਿਯੋਗ ਅਤੇ ਚੇਅਰਮੈਨ ਦੀ ਮੌਜੂਦਗੀ ਵਿੱਚ ਦਰਵਾਜੇ ਤੋਂ ਦਰਵਾਜੇ , ਪਿੰਡਾਂ ਵਿੱਚ, ਦਾਣਾ ਮੰਡੀਆਂ ਤੇ ਖੇਤਾਂ ਵਿੱਚ ਜਾ ਕੇ ਪਰਾਲੀ ਦੀ ਸੰਭਾਲ ਸਬੰਧੀ ਜਾਣੂ ਕਰਵਾਇਆ ਤੇ ਰੈਲੀ ਕੀਤੀ।

Facebook Comments

Trending

Copyright © 2020 Ludhiana Live Media - All Rights Reserved.