ਪੰਜਾਬੀ

ਸਪੀਕਰ ਸੰਧਵਾਂ ਵੱਲੋਂ ਨੈਸ਼ਨਲ ਕਾਨਫਰੰਸ “ਸਟਿੱਚ ਐਂਡ ਹਿਊਜ਼” ‘ਚ ਕੀਤੀ ਸ਼ਿਰਕਤ

Published

on

ਲੁਧਿਆਣਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸਲਿੰਗ ਵੁਡਸ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਨੈਸ਼ਨਲ ਕਾਨਫਰੰਸ “ਸਟਿੱਚ ਐਂਡ ਹਿਊਜ਼” ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਇਸ ਮੌਕੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਹੁਲ ਚਾਬਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੈਂ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦੀ ਹਾਂ ਜੋ ਆਪ ਨੇ ਮੈਨੂੰ ਇਸ ਸਮਾਗਮ ਵਿਚ ਸ਼ਿਰਕਤ ਕਰਨ ਦਾ ਅਤੇ ਆਪ ਸਭ ਦੇ ਦਰਮਿਆਨ ਹਾਜ਼ਿਰ ਹੋਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿਕੰਦਰ ਮਹਾਨ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਪੂਰੀ ਲਗਨ ਨਾਲ ਉਪਰਾਲਾ ਕਰਦੇ ਹੋ ਤਾਂ ਤੁਸੀਂ ਸਿਖਰ ‘ਤੇ ਜ਼ਰੂਰ ਪੁਝੋਗੇ,।

ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਕਿਸੇ ਵੀ ਕਿੱਤੇ ਜਾਂ ਉਦਯੋਗ ਵਿੱਚ ਹੋਈਏ, ਸਿਖਰ ‘ਤੇ ਪਹੁੰਚਣ ਲਈ ਸਾਡਾ ਦੂਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ। ਕਾਮਯਾਬ ਹੋਣ ਲਈ ਸਿੱਧਾ ਵੱਡੀ ਛਾਲ ਮਾਰਨ ਦੀ ਲੋੜ ਨਹੀਂ ਬਲਕਿ ਲਗਾਤਾਰ ਛੋਟੇ ਛੋਟੇ ਕਦਮ ਚੁੱਕਣ ਦੀ ਲੋੜ ਹੁੰਦੀ ਹੈ ਅਤੇ ਜੇ ਸਾਡੇ ਸੁਪਨੇ ਵੱਡੇ ਹਨ ਤਾਂ ਸਾਨੂੰ ਆਪਣੇ ਦੂਰਅੰਦੇਸ਼ੀ ਵਿਚਾਰਾਂ ਨੂੰ ਲਾਗੂ ਕਰਦੇ ਹੋਏ ਨਿਮਰ ਵੀ ਹੋਣਾ ਪਵੇਗਾ ।

ਜੀਵਨ ਵਿਚ ਸਾਨੂੰ ਇਕ ਨਾ ਇਕ ਵਾਰ ਮੁਸ਼ਕਿਲ ਸਮੇ ਵਿੱਚੋਂ ਜ਼ਰੂਰ ਲੰਘਣਾ ਪੈਂਦਾ ਹੈ, ਅਤੇ ਅਜਿਹੇ ਸਮੇ ਸਭ ਤੋਂ ਵਧੀਆ ਚੀਜ਼ ਜੋ ਅਸੀਂ ਕਰ ਸਕਦੇ ਹਾਂ ਉਹ ਇੱਕ ਦੂਜੇ ਦੀ ਮਦਦ ਕਰਨਾ, ਇਕ ਦੂਜੇ ਨੂੰ ਉੱਪਰ ਚੁੱਕਣਾ ਅਤੇ ਇਕੱਠੇ ਅੱਗੇ ਵਧਣਾ। ਉਨ੍ਹਾਂ ਕਿਹਾ ਕਿ ਟੈਕਸਟਾਈਲ ਅਤੇ ਨਿਟਵੀਅਰ ਬਹੁਤ ਚੁਣੌਤੀਪੂਰਨ ਉਦਯੋਗ ਹੈ ਜਿਸ ਵਿਚ ਬਹੁਤ ਤੇਜ਼ੀ ਨਾਲ ਬਦਲਾਅ ਆਉਂਦਾ ਰਹਿੰਦਾ ਹੈ।

ਪਰ ਇਸ ਖੇਤਰ ਦੇ ਵਿਕਾਸ ਨੂੰ ਹਮੇਸ਼ਾ ਨਵੀਨਤਾ ਦੀਆਂ ਵੱਡੀਆਂ ਛਲਾਂਗਾਂ ਦੇ ਰੂਪ ਵਿੱਚ ਨਹੀਂ ਮਾਪਿਆ ਜਾ ਸਕਦਾ, ਕਈ ਵਾਰ ਇਸਦਾ ਵਿਕਾਸ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਕਾਢਾਂ ਨਾਲ ਹੁੰਦਾ ਹੈ। ਇਸ ਖੇਤਰ ਵਿਚ ਤੁਹਾਨੂੰ ਹਰ ਦਿਨ, ਹਰ ਹਫ਼ਤੇ, ਹਰ ਮਹੀਨੇ, ਲਗਾਤਾਰ ਥੋੜ੍ਹਾ-ਥੋੜ੍ਹਾ ਬਿਹਤਰ ਕਰਨ ਦੀ ਲੋੜ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਰਾਹੀਂ ਟੈਕਸਟਾਈਲ ਅਤੇ ਨਿਟਵੀਅਰ ਉਦਯੋਗ ਦੇ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਨੂੰ ਬਿਹਤਰ ਰੂਪ ਵਿਚ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਖਾਸ ਤੌਰ ‘ਤੇ ਐਸੇ ਸਮੇਂ ਜਦੋਂ ਬਾਜ਼ਾਰ ਵਿੱਚ ਅਨਿਸ਼ਚਿਤਤਾ ਦਾ ਦੌਰ ਹੋਵੇ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਭਾਰਤੀ ਟੈਕਸਟਾਈਲ ਤਕਨਾਲੋਜੀ ਦੁਨੀਆ ਵਿੱਚ ਸਭ ਤੋਂ ਵਧੀਆ ਹੈ।

ਭਾਰਤ ਵਿਚ ਹੀ ਨਹੀਂ, ਭਾਰਤੀ ਟੈਕਸਟਾਈਲ ਵਿਸ਼ਵ ਭਰ ਵਿਚ ਪ੍ਰਸਿੱਧ ਹੈ ਅਤੇ ਇਕੱਲੇ ਲੁਧਿਆਣੇ ਸ਼ਹਿਰ ਵਿਚੋਂ ਹੀ ਇਸ ਦਾ ਇਕ ਵੱਡਾ ਹਿੱਸਾ ਬਾਹਰੀ ਮੁਲਕਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ । ਇਸ ਲਈ ਆਪ ਲੋਕ ਅਤੇ ਆਪ ਲੋਕਾਂ ਦਾ ਇਹ ਉਦਯੋਗ ਸਾਡੀ ਗਲੋਬਲ ਪਛਾਣ ਦਾ ਕੇਂਦਰ ਹੈ। ਅੰਤ ਉਨ੍ਹਾਂ ਕਿਹਾ ਕਿ ਮੈਂ ਆਪ ਸਭ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹਾਂ।

Facebook Comments

Trending

Copyright © 2020 Ludhiana Live Media - All Rights Reserved.